ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਹੈ। ਇਸ ਸਬੰਧੀ ਉਨ੍ਹਾਂ ਐਕਸ ਉਤੇ ਟਵੀਟ ਕੀਤਾ।
ਐਕਸ ਉਤੇ ਕੀਤਾ ਟਵੀਟ
ਸੀ ਐੱਮ ਮਾਨ ਨੇ ਵਧਾਈ ਦਿੰਦਿਆਂ ਲਿਖਿਆ ਅੱਠਵੇਂ ਪਾਤਸ਼ਾਹ, ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਛੋਟੀ ਉਮਰ 'ਚ ਗੁਰਗੱਦੀ 'ਤੇ ਬਿਰਾਜਮਾਨ ਹੋਏ ਬਾਲਾ ਪ੍ਰੀਤਮ ਜੀ ਨੇ ਸਮੂਹ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਨਾਲ ਨਾਲ ਸੇਵਾ ਭਾਵਨਾ ਦਾ ਵੀ ਸੰਦੇਸ਼ ਦਿੱਤਾ।
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ 'ਤੇ ਕੀਤਾ ਪ੍ਰਣਾਮ
ਦੱਸ ਦੇਈਏ ਕਿ ਅੱਜ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਜੋਤੀ ਜੋਤਿ ਦਿਵਸ ਹੈ। ਇਸ ਸਬੰਧੀ ਵੀ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਪ੍ਰਣਾਮ ਕਰਦੇ ਹਾਂ। ਗੁਰੂ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਨੂੰ ਆਦਰਸ਼ ਜੀਵਨ ਜਾਂਚ ਰਾਹੀਂ ਕੁਦਰਤ ਦੀ ਬਹੁਮੁੱਲੀ ਵਿਰਾਸਤ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ।
ਅੱਠਵੇਂ ਪਾਤਸ਼ਾਹ ਨੂੰ ਕਿਉਂ ਆਖਿਆ ਜਾਂਦੈ ਬਾਲਾ ਪ੍ਰੀਤਮ
ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਜਨਮ ਕੀਰਤਪੁਰ ਸਾਹਿਬ ਵਿਚ ਸ੍ਰੀ ਗੁਰੂ ਹਰਿ ਰਾਇ ਸਾਹਿਬ ਤੇ ਮਾਤਾ ਕਿਸ਼ਨ ਕੌਰ ਦੇ ਗ੍ਰਹਿ ਵਿਖੇ 1656 ਵਿਚ ਹੋਇਆ। ਆਪ ਗੁਰੂ ਸਾਹਿਬਾਨ ਦੀਆਂ 10 ਜੋਤਾਂ ਵਿਚੋਂ ਸਭ ਤੋਂ ਛੋਟੀ ਸੰਸਾਰਿਕ ਉਮਰ ਦੇ ਹੋਏ, ਇਸੇ ਲਈ ਆਪ ਜੀ ਨੂੰ ਬਾਲਾ ਪ੍ਰੀਤਮ ਵੀ ਆਖਿਆ ਜਾਂਦਾ ਹੈ।
ਗੁਰਗਦੀ ਸਮੇਂ ਆਪ ਜੀ ਦੀ ਉਮਰ ਪੰਜ ਸਾਲ ਤਿੰਨ ਮਹੀਨੇ ਦੀ ਸੀ, ਆਪ ਜੀ ਨੇ ਛੋਟੀ ਉਮਰੇ ਹੀ ਢਾਈ ਸਾਲ ਗੁਰਗਦੀ ਦੇ ਦੌਰਾਨ ,ਖਾਲੀ ਜਿਮੇਵਾਰੀ ਹੀ ਨਹੀ ਨਿਭਾਈ ਸਗੋਂ ਗੁਰੂ ਸਹਿਬਾਨ ਦੁਆਰਾ ਉਚੇ ਆਦਰਸ਼ਾਂ ਤੇ ਅਸੂਲਾਂ ਨੂੰ ਦ੍ਰਿੜ ਕਰਵਾਂਦੇ ਹੋਏ ਕਈ ਨਵੇਂ ਪੂਰਨੇ ਵੀ ਪਾਏ।
ਆਪ ਸਰਬ ਸਾਂਝੀਵਾਲਤਾ ਦੇ ਪ੍ਰਤੀਕ ,ਦੀਨ- ਦੁਖੀ ਦੀ ਸਾਰ ਤੇ ਸੇਵਾ ਕਰਨੇ ਵਾਲੇ ਪਰਉਪਕਾਰੀ ਸਨ, ਗੁਰੂ ਸਾਹਿਬ ਨੇ ਰੋਗੀਆਂ ਦੀ ਪੀੜਾ ਤੇ ਰੋਗ ਦੂਰ ਕਰਨ ਲਈ ਸਫਾਖਾਨਾ ਤੇ ਦਵਾਖਾਨੇ ਖੋਲੇ ਸਨ ,ਜਿਥੇ ਓਹ ਕਥਾ ਕੀਰਤਨ, ਗੁਰਬਾਣੀ ਤੇ ਸਿਮਰਨ ਤੋਂ ਬਾਦ ਰੋਗੀਆਂ ਦਾ ਇਲਾਜ ਤੇ ਸੇਵਾ ਕਰਦੇ।
ਆਪ ਜੀ ਦੀ ਕੋਮਲ ਛੋਹ, ਮਿਠੇ ਬੋਲ, ਆਤਮਿਕ ਤੇ ਅਧਿਆਤਮਿਕ ਸ਼ਕਤੀ ਤੇ ਨੂਰਾਨੀ ਚੇਹਰਾ ਦੇਖ ਰੋਗੀਆਂ ਦੀ ਅਧੀ ਬਿਮਾਰੀ ਤਾਂ ਆਪਣੇ ਆਪ ਠੀਕ ਹੋ ਜਾਂਦੀ ਸੀ, ਅਰਦਾਸ ਦੀ ਪਹਿਲੀ ਪਉੜੀ ਵਿਚ ਫੁਰਮਾਇਆ ਹੈ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਜਿਨ੍ਹਾ ਉਤੇ ਗੁਰੂ ਹਰਕ੍ਰਿਸ਼ਨ ਜੀ ਦੀ ਅਮ੍ਰਿਤਮਈ ਦ੍ਰਿਸ਼ਟੀ ਪੈ ਜਾਂਦੀ ਹੈ, ਓਨ੍ਹਾ ਦੇ ਸਭ ਦੁਖ ਦੂਰ ਹੋ ਜਾਂਦੇ ਹਨ। ਕੀਰਤਪੁਰ ਸਾਹਿਬ ਵਿਖੇ ਆਪ ਜੀ ਨੂੰ ਸਮਰਪਿਤ ਓਥੇ ਗੁਰਦੁਆਰਾ ਸ਼ੀਸ਼ ਮਹਲ ਸਾਹਿਬ ਸੁਸ਼ੋਬਿਤ ਹੈ।