ਦੇਸ਼ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਤੇ ਕਾਂਗਰਸ ਨੂੰ ਝਟਕੇ ਤੋਂ ਬਾਅਦ ਝਟਕਾ ਲੱਗ ਰਿਹਾ ਹੈ। ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦ ਸਿੰਘ ਲਵਲੀ ਨੇ ਅਸਤੀਫਾ ਦੇ ਦਿੱਤਾ ਹੈ। ਪੰਜਾਬ ਵਿੱਚ ਵੀ ਕਈ ਸੀਨੀਅਰ ਕਾਂਗਰਸੀ ਆਗੂ ਪਾਰਟੀ ਛੱਡ ਚੁੱਕੇ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਪਾਰਟੀ 27 ਜਾਂ 28 ਅਪ੍ਰੈਲ ਨੂੰ ਬਾਕੀ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਪਰ ਮੀਟਿੰਗ ਵਿੱਚ ਇਹ ਫੈਸਲਾ 29 ਅਪ੍ਰੈਲ ਤੱਕ ਟਾਲ ਦਿੱਤਾ ਗਿਆ ਹੈ।
ਇਨ੍ਹਾਂ 5 ਸੀਟਾਂ 'ਤੇ ਫਸਿਆ ਪੇਚ
ਜਾਣਕਾਰੀ ਮੁਤਾਬਕ ਭਾਰਤ ਭੂਸ਼ਣ ਆਸ਼ੂ ਨੂੰ ਟਿਕਟ ਦੇਣ ਨੂੰ ਲੈ ਕੇ ਲੁਧਿਆਣਾ 'ਚ ਪਾਰਟੀ 'ਚ ਵਿਰੋਧ ਚੱਲ ਰਿਹਾ ਹੈ। ਰਾਣਾ ਗੁਰਜੀਤ ਸਿੰਘ ਤੇ ਉਨ੍ਹਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਨੂੰ ਲੋਕ ਸਭਾ ਹਲਕਿਆਂ ਸ੍ਰੀ ਆਨੰਦਪੁਰ ਸਾਹਿਬ ਜਾਂ ਖਡੂਰ ਸਾਹਿਬ ਤੋਂ ਟਿਕਟ ਮਿਲਣਾ ਯਕੀਨੀ ਮੰਨਿਆ ਜਾ ਰਿਹਾ ਹੈ। ਰਾਣਾ ਆਪਣੇ ਪੁੱਤਰ ਨੂੰ ਮੈਦਾਨ ਵਿੱਚ ਉਤਾਰਨ ਦੇ ਇੱਛੁਕ ਹੈ। ਉਂਜ ਰਾਣਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੀ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ।
ਇਸ ਦੌੜ ਵਿੱਚ ਸਾਬਕਾ ਡਿਪਟੀ ਸੀਐਮ
ਇਸ ਦੇ ਨਾਲ ਹੀ ਹਿੰਦੂ ਚਿਹਰਿਆਂ ਨੂੰ ਵੀ ਟਿਕਟਾਂ ਦੇਣ ਦੀ ਗੱਲ ਚੱਲ ਰਹੀ ਹੈ। ਅਜਿਹੇ 'ਚ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਦਾਅਵਾ ਮਜ਼ਬੂਤ ਹੁੰਦਾ ਜਾ ਰਿਹਾ ਹੈ। ਗੁਰਦਾਸਪੁਰ ਦੇ ਵਿਧਾਇਕ ਬੀਰਇੰਦਰਮੀਤ ਸਿੰਘ ਪਾਹੜਾ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਂ ਚੱਲ ਰਹੇ ਹਨ। ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਅਮਿਤ ਵਿਜ ਅਤੇ ਨਰੇਸ਼ ਪੁਰੀ ਵੀ ਟਿਕਟ ਦੀ ਦੌੜ ਵਿੱਚ ਹਨ। ਕਾਂਗਰਸ ਫਿਰੋਜ਼ਪੁਰ ਨੂੰ ਲੈ ਕੇ ਵੀ ਮੰਥਨ ਕਰ ਰਹੀ ਹੈ।