ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੀ ਖੂਨੀ ਝੜਪ ਹੋ ਗਈ, ਜਿਸ ਵਿੱਚ ਇੱਕ ਕੈਦੀ ਦਾ ਸਿਰ ਫਟ ਗਿਆ। ਜ਼ਖਮੀ ਕੈਦੀ ਦੀ ਪਛਾਣ ਪ੍ਰੀਤਮ ਸਿੰਘ ਭੋਲੂ ਵਜੋਂ ਹੋਈ ਹੈ, ਜਿਸ ਤੋਂ ਬਾਅਦ ਜ਼ਖਮੀ ਕੈਦੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ।
ਨਾਭਾ ਜੇਲ੍ਹ ਤੋਂ ਕੀਤਾ ਸ਼ਿਫਟ
ਇਸ ਦੌਰਾਨ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਵੀ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਸੂਚਨਾ ਮਿਲਦੇ ਹੀ ਜ਼ਖਮੀ ਕੈਦੀ ਦੇ ਪਰਿਵਾਰਕ ਮੈਂਬਰ ਵੀ ਹਸਪਤਾਲ ਪਹੁੰਚ ਗਏ। ਪ੍ਰੀਤਮ ਪਹਿਲਾਂ ਨਾਭਾ ਜੇਲ੍ਹ ਵਿੱਚ ਬੰਦ ਸੀ ਪਰ ਹੁਣ ਉਸ ਨੂੰ ਤਾਜਪੁਰ ਰੋਡ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭੋਲੂ ਧਾਰਾ 302 ਅਤੇ ਇੱਕ ਹੋਰ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ।
ਪਰਿਵਾਰਕ ਮੈਂਬਰਾਂ ਨੇ ਲਾਇਆ ਦੋਸ਼
ਹਸਪਤਾਲ ਪਹੁੰਚੇ ਜ਼ਖਮੀ ਕੈਦੀ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਸਟਾਫ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਲੜਕੇ ਦੀ ਜੇਲ੍ਹ ਸਟਾਫ ਨੇ ਕੁੱਟ-ਮਾਰ ਕੀਤੀ ਹੈ। ਪੁਲਸ ਮੁਲਾਜ਼ਮਾਂ ਨੇ ਉਸ ਨੂੰ ਚੱਕੀ ਵਿੱਚੋਂ ਬਾਹਰ ਕੱਢ ਕੇ ਕੁੱਟਿਆ ਹੈ। ਇਸ ਦੌਰਾਨ ਜਦੋਂ ਭੋਲੂ ਸਿਵਲ ਹਸਪਤਾਲ ਵਿੱਚ ਮੀਡੀਆ ਨੂੰ ਬਿਆਨ ਦੇ ਰਿਹਾ ਸੀ ਤਾਂ ਸਟਾਫ਼ ਵੱਲੋਂ ਉਸ ਨੂੰ ਜ਼ਬਰਦਸਤੀ ਬਿਆਨ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜੇਲ੍ਹ ਵਿੱਚ ਉਨ੍ਹਾਂ ਦੇ ਪੁੱਤਰ ਦੀ ਜਾਨ ਨੂੰ ਖ਼ਤਰਾ ਹੈ। ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।