ਲੁਧਿਆਣਾ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ PRTC ਦੀਆਂ ਬੱਸਾਂ ਰੋਕ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਹਾਈਵੇਅ 'ਤੇ ਵੀ ਜਾਮ ਲੱਗ ਗਿਆ। ਵਿਦਿਆਰਥੀਆਂ ਨੇ ਸਰਕਾਰੀ ਬੱਸਾਂ ਦੇ ਡਰਾਈਵਰ ’ਤੇ ਧੱਕੇਸ਼ਾਹੀ ਦੇ ਦੋਸ਼ ਲਾਏ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਬੱਸ ਖਾਲੀ ਹੋਣ ਦੇ ਬਾਵਜੂਦ ਬੱਸ ਡਰਾਈਵਰ ਵਿਦਿਆਰਥੀਆਂ ਨੂੰ ਨਹੀਂ ਚੜ੍ਹਾਉਂਦੇ। ਵਿਦਿਆਰਥੀਆਂ ਦੇ ਇਸ ਹੰਗਾਮੇ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਵਿਦਿਆਰਥੀਆਂ ਨੂੰ ਸਮਝਾ ਕੇ ਹਾਈਵੇਅ ਕਲੀਅਰ ਕਰਵਾਇਆ।
ਅਸੀਂ ਸਿਰਫ਼ ਇੱਕ ਬੱਸ ਰੋਕੀ- ਵਿਦਿਆਰਥੀ
ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਸਿਰਫ਼ ਇੱਕ PRTC ਬੱਸ ਨੂੰ ਰੋਕਿਆ ਸੀ। ਜਦੋਂਕਿ ਡਰਾਈਵਰ ਤੇ ਕੰਡਕਟਰ ਖੁਦ ਹੀ ਹੋਰ ਬੱਸਾਂ ਨੂੰ ਰੋਕ ਰਹੇ ਸਨ। ਬੱਸ ਪਾਸ ਕਰਨ ਦੇ ਬਾਵਜੂਦ ਬੱਸ ਚਾਲਕ ਸਾਨੂੰ ਲੰਘਣ ਨਹੀਂ ਦਿੰਦੇ ਤੇ ਅਪਸ਼ਬਦ ਬੋਲਦੇ ਹਨ। ਬੱਸ ਨਾ ਮਿਲਣ ਕਾਰਨ ਸਾਡੇ ਕਾਲਜ ਦੇ ਲੈਕਚਰ ਕੱਟੇ ਜਾ ਰਹੇ ਹਨ।
ਓਵਰਲੋਡਿੰਗ ਕਾਰਨ ਬੱਸਾਂ ਵਿੱਚ ਨਹੀਂ ਚੜਾਇਆ
PRTC ਡਰਾਈਵਰ ਦਾ ਕਹਿਣਾ ਹੈ ਕਿ ਮੇਰੀ ਬੱਸ ਦਾ ਰੂਟ ਕਪੂਰਥਲਾ ਤੋਂ ਪਟਿਆਲਾ ਹੈ। ਬੱਸਾਂ ਵਿੱਚ 52 ਸੀਟਾਂ ਹਨ ਜੋ ਪੂਰੀ ਤਰ੍ਹਾਂ ਭਰੀਆਂ ਹੋਈਆਂ ਹਨ। ਅਸੀਂ ਅਜੇ ਤੱਕ ਨਾ ਤਾਂ ਕਿਸੇ ਨਾਲ ਦੁਰਵਿਵਹਾਰ ਕੀਤਾ ਹੈ ਅਤੇ ਨਾ ਹੀ ਕਿਸੇ ਨੂੰ ਪ੍ਰੇਸ਼ਾਨ ਕੀਤਾ ਹੈ। ਬੱਸ ਓਵਰਲੋਡ ਹੋਣ ਕਾਰਨ ਵਿਦਿਆਰਥੀਆਂ ਨਾਲ ਝਗੜਾ ਹੋ ਗਿਆ। ਵਿਦਿਆਰਥੀਆਂ ਨੂੰ ਸਮਝਾ ਕੇ ਵੱਖ-ਵੱਖ ਬੱਸਾਂ ਵਿੱਚ ਬਿਠਾਇਆ ਗਿਆ।