ਲੁਧਿਆਣਾ ਵਿਚ ਚਲਦੀ ਕਾਰ ਉਤੇ ਕੰਟੇਨਰ ਪਲਟ ਜਾਣ ਕਾਰਣ ਵੱਡਾ ਹਾਦਸਾ ਵਾਪਰ ਗਿਆ। ਖੰਨਾ 'ਚ ਵਾਪਰੇ ਇਸ ਹਾਦਸੇ ਵਿਚ ਪਤਾ ਲੱਗਾ ਹੈ ਕਿ ਕੰਟੇਨਰ ਸਕਰੈਪ ਨਾਲ ਭਰਿਆ ਹੋਇਆ ਸੀ। ਹਾਦਸੇ 'ਚ ਕਾਰ 'ਚ ਬੈਠੀ ਔਰਤ ਅਤੇ ਉਸ ਦੀ ਬੇਟੀ ਵਾਲ-ਵਾਲ ਬਚ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਔਰਤ ਅਤੇ ਉਸ ਦੀ ਬੇਟੀ ਨੂੰ ਕਾਰ 'ਚੋਂ ਬਾਹਰ ਕੱਢਿਆ। ਮਾਂ-ਧੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਵਾਲ-ਵਾਲ ਬਚੀ ਜਾਨ
ਪੀੜਤ ਔਰਤ ਰਿਚਾ ਗੁਪਤਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਦਾਮਿਨੀ ਨੂੰ ਸਕੂਲ ਛੱਡਣ ਜਾ ਰਹੀ ਸੀ ਕਿ ਜਿਵੇਂ ਹੀ ਸਾਡੀ ਕਾਰ ਨੈਸ਼ਨਲ ਹਾਈਵੇ 'ਤੇ ਚੜ੍ਹੀ ਤਾਂ ਪਿੱਛੇ ਤੋਂ ਆ ਰਹੇ ਕੰਟੇਨਰ ਦਾ ਅਗਲਾ ਹਿੱਸਾ ਕਾਰ 'ਤੇ ਪਲਟ ਗਿਆ।
ਕੰਟੇਨਰ ਡਰਾਈਵਰ ਨੇ ਔਰਤ ਦੀ ਕੀਤੀ ਮਦਦ
ਜਿਵੇਂ ਹੀ ਕੰਟੇਨਰ ਦਾ ਅਗਲਾ ਹਿੱਸਾ ਕਾਰ 'ਤੇ ਡਿੱਗਿਆ ਤਾਂ ਡਰਾਈਵਰ ਰਮਾਕਾਂਤ ਨੇ ਗੱਡੀ ਰੋਕ ਲਈ। ਉਸ ਨੇ ਲੋਕਾਂ ਦੀ ਮਦਦ ਨਾਲ ਔਰਤ ਅਤੇ ਉਸ ਦੀ ਬੇਟੀ ਨੂੰ ਕਾਰ 'ਚੋਂ ਕੱਢਣ 'ਚ ਮਦਦ ਕੀਤੀ। ਰਮਾਕਾਂਤ ਨੇ ਦੱਸਿਆ ਕਿ ਰੋਡਵੇਜ਼ ਦੀ ਬੱਸ ਨੂੰ ਓਵਰਟੇਕ ਕਰਦੇ ਸਮੇਂ ਔਰਤ ਨੇ ਕਾਰ ਕੰਟੇਨਰ ਦੇ ਅੱਗੇ ਫਸਾ ਲਈ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਜਿਸ ਦੇ ਨਤੀਜੇ ਵਜੋਂ ਇੰਨਾ ਬਚਾਅ ਹੋਇਆ।
ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੇ ਐਸਐਚਓ ਮਨਪ੍ਰੀਤ ਸਿੰਘ ਮੌਕੇ ’ਤੇ ਪੁੱਜੇ। ਰੋਡ ਸੇਫਟੀ ਫੋਰਸ ਨੂੰ ਵੀ ਬੁਲਾਇਆ ਗਿਆ। ਸਭ ਤੋਂ ਪਹਿਲਾਂ ਸੜਕ ਨੂੰ ਸਾਫ਼ ਕੀਤਾ ਗਿਆ। ਐਸਐਚਓ ਨੇ ਦੱਸਿਆ ਕਿ ਉਹ ਹਾਦਸੇ ਦੀ ਜਾਂਚ ਕਰ ਰਹੇ ਹਨ। ਇਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।