ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣੇ ਆਤਿਸ਼ੀ ਨੇ ਸੋਮਵਾਰ ਨੂੰ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦਫ਼ਤਰ ਵਿੱਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੁਰਸੀ ਖਾਲੀ ਛੱਡ ਦਿੱਤੀ। ਇਸ ਦੌਰਾਨ ਉਹ ਖੁਦ ਇਕ ਹੋਰ ਕੁਰਸੀ 'ਤੇ ਬੈਠ ਗਏ । ਆਤਿਸ਼ੀ ਨੇ ਕਿਹਾ ਕਿ ਖਾਲੀ ਕੁਰਸੀ ਕੇਜਰੀਵਾਲ ਦੇ ਲਈ ਛੱਡੀ ਹੈ।
ਸੀਐਮ ਆਤਿਸ਼ੀ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਫਰਵਰੀ 'ਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਦਿੱਲੀ ਦੇ ਲੋਕ ਕੇਜਰੀਵਾਲ ਨੂੰ ਇਸ ਕੁਰਸੀ 'ਤੇ ਬਿਠਾਉਣਗੇ। ਉਦੋਂ ਤੱਕ ਇਹ ਕੁਰਸੀ ਇਸੇ ਕਮਰੇ ਵਿੱਚ ਰਹੇਗੀ ਅਤੇ ਕੇਜਰੀਵਾਲ ਜੀ ਦਾ ਇੰਤਜ਼ਾਰ ਕਰੇਗੀ ।
ਕਿਹਾ-4 ਮਹੀਨੇ ਭਰਤ ਵਾਂਗ ਚਲਾਵਾਂਗੀ ਸਰਕਾਰ
ਇਸ ਦੌਰਾਨ ਉਨ੍ਹਾਂ ਕਿਹਾ ਕਿ ਭਰਤ ਨੇ 14 ਸਾਲ ਸ਼੍ਰੀ ਰਾਮ ਜੀ ਦਾ ਇੰਤਜ਼ਾਰ ਕੀਤਾ, ਇਸੇ ਤਰ੍ਹਾਂ ਮੈਂ 4 ਮਹੀਨੇ ਦਿੱਲੀ ਦੀ ਸਰਕਾਰ ਚਲਾਵਾਂਗੀ। ਅੱਜ ਮੈਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਕੇਜਰੀਵਾਲ ਅੰਦਰ ਸ਼੍ਰੀ ਰਾਮ ਵਰਗੀ ਮਰਿਆਦਾ
ਉਨ੍ਹਾਂ ਕਿਹਾ ਕਿ ਅੱਜ ਮੇਰੇ ਮਨ ਵਿੱਚ ਉਹੀ ਦਰਦ ਹੈ, ਜਦੋਂ ਭਗਵਾਨ ਸ਼੍ਰੀ ਰਾਮ ਨੇ 14 ਸਾਲ ਤੱਕ ਅਯੁੱਧਿਆ ਦਾ ਰਾਜ ਸੰਭਾਲਿਆ ਸੀ। ਜਿਸ ਤਰ੍ਹਾਂ ਭਰਤ ਜੀ ਨੇ 14 ਸਾਲ ਤੱਕ ਭਗਵਾਨ ਸ਼੍ਰੀ ਰਾਮ ਦੀ ਗੱਦੀ 'ਤੇ ਖੜਾਓ ਰੱਖ ਕੇ ਅਯੁੱਧਿਆ 'ਤੇ ਰਾਜ ਕੀਤਾ। ਭਗਵਾਨ ਸ਼੍ਰੀ ਰਾਮ ਨੇ ਆਪਣੇ ਪਿਤਾ ਦੁਆਰਾ ਦਿੱਤੇ ਵਾਅਦੇ ਨੂੰ ਪੂਰਾ ਕਰਨ ਲਈ 14 ਸਾਲ ਦਾ ਬਨਵਾਸ ਸਵੀਕਾਰ ਕੀਤਾ। ਇਸ ਲਈ ਅਸੀਂ ਭਗਵਾਨ ਸ਼੍ਰੀ ਰਾਮ ਨੂੰ ਮਰਿਯਾਦਾ ਪੁਰਸ਼ੋਤਮ ਕਹਿੰਦੇ ਹਾਂ। ਉਨ੍ਹਾਂ ਦਾ ਜੀਵਨ ਸਾਡੇ ਸਾਰਿਆਂ ਲਈ ਸਨਮਾਨ ਅਤੇ ਨੈਤਿਕਤਾ ਦੀ ਮਿਸਾਲ ਹੈ।
ਬਿਲਕੁਲ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਇਸ ਦੇਸ਼ ਦੀ ਰਾਜਨੀਤੀ 'ਚ ਮਰਿਆਦਾ ਅਤੇ ਨੈਤਿਕਤਾ ਦੀ ਮਿਸਾਲ ਕਾਇਮ ਕੀਤੀ ਹੈ। ਪਿਛਲੇ 2 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨੇ ਅਰਵਿੰਦ ਕੇਜਰੀਵਾਲ 'ਤੇ ਚਿੱਕੜ ਉਛਾਲਣ 'ਚ ਕੋਈ ਕਸਰ ਨਹੀਂ ਛੱਡੀ।
17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਸੀ ਅਸਤੀਫਾ
ਦੱਸ ਦੇਈਏ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ 'ਚ 13 ਸਤੰਬਰ ਨੂੰ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਕੇਜਰੀਵਾਲ ਨੇ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 21 ਸਤੰਬਰ ਨੂੰ ਆਤਿਸ਼ੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣੇ।