ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਚੰਡੀਗੜ੍ਹ ਸਥਿਤ ਫਾਰਮਾਸਿਊਟੀਕਲ ਕੰਪਨੀ ਪੈਰਾਬੋਲਿਕ ਡਰੱਗਜ਼ ਕੰਪਨੀ ਖਿਲਾਫ ਕਾਰਵਾਈ ਕੀਤੀ ਹੈ। ਕੰਪਨੀ ਦੀਆਂ 24 ਅਚੱਲ ਜਾਇਦਾਦਾਂ ਤੋਂ ਇਲਾਵਾ ਨਕਦੀ, ਲਗਜ਼ਰੀ ਕਾਰਾਂ, ਮਿਊਚਲ ਫੰਡ, ਐਫ.ਡੀ.ਆਰ., ਬੈਂਕ ਬੈਲੇਂਸ ਕੁਰਕ ਕੀਤਾ ਗਿਆ ਹੈ, ਜਿਸ ਦੀ ਕੁੱਲ ਲਾਗਤ 82.12 ਕਰੋੜ ਰੁਪਏ ਦੱਸੀ ਜਾਂਦੀ ਹੈ।
ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ, 2002 ਤਹਿਤ ਕੀਤੀ ਹੈ। ਇਹ ਸਾਰੀਆਂ ਕੁਰਕ ਕੀਤੀਆਂ ਜਾਇਦਾਦਾਂ ਬੈਂਕ ਫਰਾਡ ਰਾਹੀਂ ਬਣਾਈਆਂ ਗਈਆਂ ਸਨ। ਮੁਲਜ਼ਮਾਂ ਕੋਲ ਹਰਿਆਣਾ ਦੇ ਅੰਬਾਲਾ, ਸੋਨੀਪਤ ਤੋਂ ਲੈ ਕੇ ਦਿੱਲੀ ਅਤੇ ਗੁੜਗਾਉਂ ਤੱਕ ਜਾਇਦਾਦ ਹੈ।
CBI ਨੇ 2021 ਵਿੱਚ ਕੇਸ ਕੀਤਾ ਸੀ ਦਰਜ
ਸੀਬੀਆਈ ਨੇ ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਈ ਡੀ ਨੇ ਇਸ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਸਾਰੀਆਂ ਜ਼ਬਤ ਕੀਤੀਆਂ ਜਾਇਦਾਦਾਂ ਕੰਪਨੀ ਦੇ ਮਾਲਕਾਂ ਪ੍ਰਣਬ ਗੁਪਤਾ, ਵਿਨੀਤ ਗੁਪਤਾ ਅਤੇ ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਸੁਰਜੀਤ ਕੁਮਾਰ ਬਾਂਸਲ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਹਨ। ਸੀਬੀਆਈ ਨੇ ਇਹ ਕੇਸ 2021 ਵਿੱਚ ਦਰਜ ਕੀਤਾ ਸੀ। ਇਸ ਤੋਂ ਬਾਅਦ ਈਡੀ ਨੇ 2023 ਵਿੱਚ ਆਪਣੀ ਕਾਰਵਾਈ ਸ਼ੁਰੂ ਕੀਤੀ। ਕੰਪਨੀ 'ਤੇ 1626 ਕਰੋੜ ਰੁਪਏ ਦਾ ਬੈਂਕ ਲੋਨ ਲੈ ਕੇ ਧੋਖਾਧੜੀ ਕਰਨ ਦਾ ਦੋਸ਼ ਸੀ।
ਫਰਜ਼ੀ ਦਸਤਾਵੇਜ਼ਾਂ ਤੋਂ ਲਿਆ ਕਰਜ਼ਾ
ਜਾਣਕਾਰੀ ਅਨੁਸਾਰ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਕੰਪਨੀ ਦੇ ਦੋਵੇਂ ਡਾਇਰੈਕਟਰਾਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਬੈਂਕ ਨਾਲ ਧੋਖਾਧੜੀ ਕਰਕੇ ਇਹ ਕਰਜ਼ਾ ਲਿਆ ਸੀ ਅਤੇ ਕਰਜ਼ੇ ਦੇ ਪੈਸੇ ਦੀ ਵਰਤੋਂ ਕਿਤੇ ਹੋਰ ਆਪਣੀ ਜਾਇਦਾਦ ਬਣਾਉਣ ਲਈ ਕੀਤੀ ਸੀ। ਬਾਂਸਲ ਨੇ ਆਪਣੀ ਚਾਰਟਰਡ ਅਕਾਊਂਟੈਂਸੀ ਫਰਮ ਐਸ ਕੇ ਬਾਂਸਲ ਐਂਡ ਕੰਪਨੀ ਰਾਹੀਂ ਪੈਰਾਬੋਲਿਕ ਡਰੱਗਜ਼ ਲਿਮਟਿਡ ਨੂੰ ਝੂਠੇ ਸਰਟੀਫਿਕੇਟ ਜਾਰੀ ਕੀਤੇ ਹਨ।