ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪਾ ਮਾਰਿਆ ਹੈ। ਲੁਧਿਆਣਾ ਤੇ ਗੁਰੂਗ੍ਰਾਮ 'ਚ ਇਹ ਛਾਪੇਮਾਰੀ ਕੀਤੀ ਗਈ। ਇਸ ਦੇ ਨਾਲ ਹੀ ਈਡੀ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਫਾਈਨਾਂਸਰ ਹੇਮੰਤ ਸੂਦ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਟਰਾਂਸਪੋਰਟ ਟੈਂਡਰ ਘੁਟਾਲੇ 'ਚ ਭਾਰਤ ਭੂਸ਼ਣ ਆਸ਼ੂ ਦਾ ਨਾਂ ਆਉਣ ਤੋਂ ਬਾਅਦ ਈਡੀ ਨੇ ਮਾਮਲੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਕਈ ਵਿਦੇਸ਼ੀ ਲੈਣ-ਦੇਣ ਈਡੀ ਦੇ ਧਿਆਨ ਵਿੱਚ ਆਏ। ਇਨ੍ਹਾਂ ਵਿਦੇਸ਼ੀ ਲੈਣ-ਦੇਣ ਨੂੰ ਹੇਮੰਤ ਸੂਦ ਨਾਲ ਜੋੜਿਆ ਜਾ ਰਿਹਾ ਹੈ। ਫਿਲਹਾਲ ਈਡੀ ਦੇ ਕਿਸੇ ਅਧਿਕਾਰੀ ਨੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ।
ਈਡੀ ਲਗਾਤਾਰ ਰਾਜ ਸਭਾ ਮੈਂਬਰ ਅਰੋੜਾ ਤੇ ਹੇਮੰਤ ਸੂਦ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਦੀਆਂ ਜਾਇਦਾਦਾਂ ਦਾ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਪਰਿਵਾਰ ਦੇ ਸਾਰੇ ਮੋਬਾਈਲ ਫੋਨ ਬੰਦ ਕਰਵਾ ਦਿੱਤੇ ਗਏ ਹਨ।
ਸੰਸਦ ਮੈਂਬਰ ਨੇ ਕਿਹਾ- ਮੈਂ ਜਾਂਚ 'ਚ ਕਰਾਂਗਾ ਸਹਿਯੋਗ
ਐਮਪੀ ਸੰਜੀਵ ਅਰੋੜਾ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਲਿਖਿਆ ਕਿ ਮੈਂ ਇਕ ਇੱਜ਼ਤਦਾਰ ਨਾਗਰਿਕ ਹਾਂ। ਤਲਾਸ਼ੀ ਕਿਉਂ ਲਈ ਜਾ ਰਹੀ ਹੈ, ਇਸ ਬਾਰੇ ਮੈਨੂੰ ਕੁਝ ਨਹੀਂ ਪਤਾ, ਪਰ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਜਾਂਚ ਵਿਚ ਏਜੰਸੀਆਂ ਨੂੰ ਪੂਰਾ ਸਹਿਯੋਗ ਦੇਵਾਂਗਾ। ਮੈਂ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਵਾਂਗਾ।
ਮਨੀਸ਼ ਸਿਸੋਦੀਆ ਨੇ ਜਾਣਕਾਰੀ ਦਿੱਤੀ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਸਵੇਰੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪਾ ਮਾਰਿਆ। 'ਆਪ' ਨੇਤਾ ਮਨੀਸ਼ ਸਿਸੋਦੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਮਨੀਸ਼ ਸਿਸੋਦੀਆ ਨੇ ਅੱਜ ਐਕਸ 'ਤੇ ਪੋਸਟ ਕੀਤਾ ਮੋਦੀ ਜੀ ਨੇ ਆਪਣੇ ਤੋਤੇ ਮੈਨਾ ਨੂੰ ਖੁੱਲਾ ਛੱਡ ਦਿੱਤਾ ਹੈ। ਅੱਜ ਸਵੇਰ ਤੋਂ ਹੀ ਈਡੀ ਦੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪੇਮਾਰੀ ਕਰ ਰਹੇ ਹਨ। ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਘਰ ਛਾਪਾ ਮਾਰਿਆ, ਮੇਰੇ ਘਰ ਛਾਪਾ ਮਾਰਿਆ, ਸੰਜੇ ਸਿੰਘ ਦੇ ਘਰ ਛਾਪਾ ਮਾਰਿਆ, ਸਤੇਂਦਰ ਜੈਨ ਦੇ ਘਰ ਛਾਪਾ ਮਾਰਿਆ। ਕਿਤੇ ਵੀ ਕੁਝ ਨਹੀਂ ਮਿਲਿਆ।
ਕੌਣ ਹਨ ਸੰਜੀਵ ਅਰੋੜਾ?
ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹੋਣ ਦੇ ਨਾਲ-ਨਾਲ ਵਪਾਰੀ ਵੀ ਹਨ। ਉਹ ਬਿਨਾਂ ਮੁਕਾਬਲਾ ਰਾਜ ਸਭਾ ਮੈਂਬਰ ਚੁਣੇ ਗਏ। ਪੰਜਾਬ ਤੋਂ ਰਾਜ ਸਭਾ ਮੈਂਬਰ ਵਜੋਂ ਉਨ੍ਹਾਂ ਦਾ ਕਾਰਜਕਾਲ 10 ਅਪ੍ਰੈਲ 2022 ਤੋਂ ਸ਼ੁਰੂ ਹੋਇਆ ਹੈ। ਆਪ MP ਨਿਰਯਾਤ ਦਾ ਕਾਰੋਬਾਰ ਕਰਦੇ ਹੋ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਰਿਤੇਸ਼ ਇੰਡਸਟਰੀਜ਼ ਲਿਮਟਿਡ ਚਲਾ ਰਹੇ ਹਨ ।
ਉਨ੍ਹਾਂ ਦੀ ਕੰਪਨੀ ਮੁੱਖ ਤੌਰ 'ਤੇ ਅਮਰੀਕਾ ਨੂੰ ਨਿਰਯਾਤ ਕਰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੀ ਕੰਪਨੀ ਦਾ ਇੱਕ ਦਫ਼ਤਰ ਵਰਜੀਨੀਆ 'ਚ ਖੋਲ੍ਹਿਆ ਹੈ। 2006 'ਚ, ਉਨ੍ਹਾਂ ਨੇ ਰੀਅਲ ਅਸਟੇਟ 'ਚ ਵਿਭਿੰਨਤਾ ਕੀਤੀ ਅਤੇ ਆਪਣੀ ਕੰਪਨੀ ਦਾ ਨਾਮ ਬਦਲ ਕੇ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ (ਆਰਪੀਆਈਐਲ) ਰੱਖ ਲਿਆ।