ਚੰਡੀਗੜ੍ਹ 'ਚ ਸਾਬਕਾ ਆਈਏਐਸ ਅਧਿਕਾਰੀ ਤੇ ਨੋਇਡਾ ਅਥਾਰਟੀ ਦੇ ਸਾਬਕਾ ਸੀਈਓ ਮਹਿੰਦਰ ਸਿੰਘ ਦੇ ਘਰ 'ਤੇ ਈਡੀ ਨੇ ਛਾਪਾ ਮਾਰਿਆ ਹੈ। ਲਗਜ਼ਰੀ ਫਲੈਟ ਬਣਾਉਣ ਵਾਲੀ ਕੰਪਨੀ ਨਾਲ ਜੁੜੇ ਇੱਕ ਪ੍ਰੋਜੈਕਟ 'ਚ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਰੇਡ ਦੇ ਦੌਰਾਨ ਘਰੋਂ ਕਰੀਬ 1 ਕਰੋੜ ਰੁਪਏ ਦੀ ਨਕਦੀ, 12 ਕਰੋੜ ਰੁਪਏ ਦੇ ਹੀਰੇ, 7 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਕਈ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਹਨ।
11 ਥਾਵਾਂ 'ਤੇ ਛਾਪੇਮਾਰੀ ਕੀਤੀ
ਦੱਸ ਦੇਈਏ ਕਿ ਈਡੀਵੱਲੋਂ ਮਾਮਲੇ ਦੀ ਜਾਂਚ ਚੱਲ ਰਹੀ ਹੈ। ਈਡੀ ਨੇ ਪਿਛਲੇ ਦੋ ਦਿਨਾਂ 'ਚ ਚੰਡੀਗੜ੍ਹ ਸਮੇਤ 11 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਮੇਰਠ ਅਤੇ ਨੋਇਡਾ 'ਚ ਹੋਈ ਸੀ। ਇਸ ਦੌਰਾਨ ਪ੍ਰਾਜੈਕਟ ਨਾਲ ਜੁੜੇ ਹਰ ਵਿਅਕਤੀ ਦੀ ਜਾਇਦਾਦ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਗਈ।
300 ਕਰੋੜ ਰੁਪਏ ਦਾ ਘਪਲਾ
ਜਾਣਕਾਰੀ ਮੁਤਾਬਕ ਇਹ ਕਰੀਬ 300 ਕਰੋੜ ਰੁਪਏ ਦਾ ਘਪਲਾ ਹੈ। ਇਸ ਮਾਮਲੇ ਵਿੱਚ ਈਡੀ ਨੇ ਪਹਿਲਾਂ ਹੀ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਸਾਬਕਾ ਆਈਏਐਸ ਅਧਿਕਾਰੀ ਮਹਿੰਦਰ ਸਿੰਘ ਬਸਪਾ ਸਰਕਾਰ ਦੌਰਾਨ ਵਿਸ਼ੇਸ਼ ਅਫਸਰਾਂ 'ਚੋਂ ਇੱਕ ਮੰਨੇ ਜਾਂਦੇ ਸਨ।
ਮੇਰਠ 'ਚ 5 ਥਾਵਾਂ 'ਤੇ ਛਾਪੇਮਾਰੀ ਕੀਤੀ
ਜਦੋਂ ਕਿ, ਹੈਸੀਂਡਾ ਪ੍ਰੋਜੈਕਟ ਪ੍ਰਾ. ਲਿਮਿਟੇਡ ਦੇ ਹਿੱਸੇਦਾਰੀ 'ਚ ਸ਼ਾਮਲ ਮੇਰਠ ਨਿਵਾਸੀ ਆਦਿਤਿਆ ਗੁਪਤਾ ਤੇ ਆਸ਼ੀਸ਼ ਗੁਪਤਾ ਦੇ 5 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ । ਉਸ ਦਾ ਸ਼ਾਰਦਾ ਐਕਸਪੋਰਟ ਦੇ ਨਾਂ 'ਤੇ ਕਾਰਪੇਟ ਦਾ ਕਾਰੋਬਾਰ ਹੈ। ਇਸ ਦੌਰਾਨ ਆਦਿਤਿਆ ਗੁਪਤਾ ਦੇ ਘਰੋਂ 5 ਕਰੋੜ ਰੁਪਏ ਦੇ ਹੀਰੇ ਬਰਾਮਦ ਹੋਏ ਹਨ।
ਆਦਿਤਿਆ ਅਤੇ ਆਸ਼ੀਸ਼ ਨੇ ਨੋਇਡਾ 'ਚ ਬੁਲੇਵਾਰਡ ਨਾਮ ਦਾ ਇੱਕ ਰਿਹਾਇਸ਼ੀ ਅਪਾਰਟਮੈਂਟ ਦਾ ਨਿਰਮਾਣ ਕੀਤਾ ਹੈ, ਜੋ ਹੁਣ ਈਡੀ ਦੀ ਜਾਂਚ ਦੇ ਦਾਇਰੇ ਵਿੱਚ ਆ ਗਿਆ ਹੈ। ਛਾਪੇਮਾਰੀ ਦੌਰਾਨ ਈਡੀ ਨੇ ਕੰਪਨੀ ਡਾਇਰੈਕਟਰਾਂ ਆਦਿ ਦੇ 6 ਬੈਂਕ ਲਾਕਰ ਦਾ ਵੀ ਪਤਾ ਲੱਗੀਏ ਹੈ, ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਕਈ ਸ਼ੈਲ ਕੰਪਨੀਆਂ ਦਾ ਵੀ ਪਤਾ ਲੱਗਾ ਹੈ, ਜਿਨ੍ਹਾਂ ਵਿਚ ਨਿਵੇਸ਼ਕਾਂ ਦਾ ਪੈਸਾ ਡਾਇਵਰਟ ਕਰਕੇ ਹੋਰ ਉਸਾਰੀ ਪ੍ਰਾਜੈਕਟਾਂ ਵਿਚ ਲਗਾਇਆ ਜਾ ਰਿਹਾ ਸੀ। ਈਡੀ ਛੇਤੀ ਹੀ ਕੰਪਨੀ ਦੇ ਸਾਰੇ ਸਾਬਕਾ ਅਤੇ ਮੌਜੂਦਾ ਡਾਇਰੈਕਟਰਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਗਿੱਛ ਲਈ ਤਲਬ ਕਰਨ ਦੀ ਤਿਆਰੀ ਕਰ ਰਿਹਾ ਹੈ।
14 ਅਰਬ ਰੁਪਏ ਦੇ ਘੁਟਾਲੇ 'ਚ ਵੀ ਨਾਮ ਸ਼ਾਮਲ
ਦੱਸ ਦੇਈਏ ਕਿ ਮਹਿੰਦਰ ਸਿੰਘ ਦਾ ਨਾਂ ਬਸਪਾ ਸਰਕਾਰ ਦੌਰਾਨ ਨੋਇਡਾ ਤੇ ਲਖਨਊ 'ਚ ਮਹਾਪੁਰਖਾਂ ਦੇ ਨਾਮ ਤੇ ਯਾਦਗਾਰਾਂ ਅਤੇ ਪਾਰਕਾਂ ਦੇ ਨਿਰਮਾਣ 'ਚ 14 ਅਰਬ ਰੁਪਏ ਦੇ ਘਪਲੇ 'ਚ ਵੀ ਸਾਹਮਣੇ ਆਇਆ ਹੈ। ਵਿਜੀਲੈਂਸ ਨੇ ਉਸ ਤੋਂ ਪੁੱਛਗਿੱਛ ਲਈ ਨੋਟਿਸ ਵੀ ਜਾਰੀ ਕੀਤਾ ਸੀ ਪਰ ਉਹ ਆਸਟ੍ਰੇਲੀਆ 'ਚ ਹੋਣ ਕਾਰਨ ਪੇਸ਼ ਨਹੀਂ ਹੋਇਆ।
ਉਨ੍ਹਾਂ ਨੂੰ ਨਵੰਬਰ 2011 ਵਿੱਚ ਨੋਇਡਾ ਅਥਾਰਟੀ ਦਾ ਮੁੱਖ ਕਾਰਜਕਾਰੀ ਅਧਿਕਾਰੀ ਬਣਾਇਆ ਗਿਆ ਸੀ। ਇਸ ਮਾਮਲੇ ਵਿੱਚ ਬਸਪਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਬਾਬੂ ਸਿੰਘ ਕੁਸ਼ਵਾਹਾ ਅਤੇ ਨਸੀਮੂਦੀਨ ਸਿੱਦੀਕੀ ਵੀ ਜਾਂਚ ਦੇ ਘੇਰੇ ਵਿੱਚ ਆਏ ਸਨ।