ਲੁਧਿਆਣਾ ਵਿਚ ਬੀਤੀ ਰਾਤ ਕਰੀਬ 3.30 ਵਜੇ ਲੁਧਿਆਣਾ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਬਾਰੀ ਹੋਈ। ਬਦਮਾਸ਼ਾਂ ਨੇ ਪੁਲਸ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ 'ਚ ਪੁਲਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ। ਫਿਲਹਾਲ ਕਿਸੇ ਅਧਿਕਾਰੀ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ।
ਆਤਮ ਸਮਰਪਣ ਕਰਨ ਲਈ ਕਿਹਾ ਤਾਂ ਪੁਲਸ 'ਤੇ ਕੀਤੀ ਫਾਇਰਿੰਗ
ਦੱਸ ਦੇਈਏ ਕਿ ਬੀਤੀ ਰਾਤ ਕਰੀਬ 3.30 ਵਜੇ ਥਾਣਾ ਹੈਬੋਵਾਲ ਦੀ ਪੁਲਸ ਨੂੰ ਕਿਸੇ ਮੁਖਬਰ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਇਰਾਦਾ ਕਤਲ ਦੇ ਦੋ ਮੁਲਜ਼ਮ ਰਾਮ ਏਨਕਲੇਵ ਵਿੱਚ ਲੁਕੇ ਹੋਏ ਹਨ। ਪੁਲਸ ਨੇ ਛਾਪਾ ਮਾਰਿਆ ਤਾਂ ਪੁਲਸ ਨੂੰ ਦੇਖ ਕੇ ਬਦਮਾਸ਼ ਆਪਣਾ ਟਿਕਾਣਾ ਬਦਲਣ ਲੱਗੇ। ਪੁਲਿਸ ਨੇ ਘੇਰਾਬੰਦੀ ਕਰਕੇ ਬਦਮਾਸ਼ਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਪੁਲਿਸ 'ਤੇ ਹੀ ਗੋਲੀ ਚਲਾ ਦਿੱਤੀ। ਪੁਲਸ ਨੇ ਕਾਰਵਾਈ ਕਰਦੇ ਹੋਏ ਬਦਮਾਸ਼ਾਂ 'ਤੇ ਫਾਇਰਿੰਗ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਦੋਵਾਂ ਮੁਲਜ਼ਮਾਂ ਦੇ ਨਾਂ ਰਵਿੰਦਰ ਅਤੇ ਸਤਿੰਦਰ ਹਨ।
ਬਦਮਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਰਵਿੰਦਰ ਦੇ ਸੱਜੇ ਪਾਸੇ ਅਤੇ ਸਤਿੰਦਰ ਨੂੰ ਖੱਬੇ ਪਾਸੇ ਲੱਤਾਂ ਵਿਚ ਗੋਲੀਆਂ ਲੱਗੀਆਂ ਹਨ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਹੈਬੋਵਾਲ ਵਿੱਚ 18 ਜੂਨ 2024 ਨੂੰ ਕੇਸ ਦਰਜ ਹੈ। ਇਸ ਮਾਮਲੇ 'ਚ ਪੁਲਸ ਬਦਮਾਸ਼ਾਂ ਨੂੰ ਫੜਨ ਲਈ ਰਾਮ ਏਨਕਲੇਵ ਗਈ ਸੀ।
ਭੰਨ-ਤੋੜ ਦੇ ਮਾਮਲੇ 'ਚ ਗ੍ਰਿਫਤਾਰ
ਥਾਣਾ ਹੈਬੋਵਾਲ ਦੀ ਪੁਲਸ ਹੈਦਰ ਏਨਕਲੇਵ ਕਲੋਨੀ ਵੱਲ ਜਾ ਰਹੀ ਸੀ। ਫਿਰ ਉਨ੍ਹਾਂ ਨੂੰ ਜੱਸੀਆਂ ਰੇਲਵੇ ਲਾਈਨ ਪੁਲ ਦੇ ਹੇਠਾਂ ਮੁਖਬਰ ਨੇ ਦੱਸਿਆ ਕਿ ਬੀਤੀ 17-18 ਜੂਨ ਨੂੰ ਚੰਦਰ ਨਗਰ ਵਿੱਚ ਸਾਹਿਲ ਕਾਂਡਾ ਦੇ ਘਰ ਦੇ ਬਾਹਰ ਹੋਈ ਲੜਾਈ ਅਤੇ ਭੰਨ-ਤੋੜ ਦੇ ਮਾਮਲੇ ਵਿੱਚ ਦੋ ਅਣਪਛਾਤੇ ਮੁਲਜ਼ਮਾਂ ਵਿੱਚੋਂ ਰਵਿੰਦਰ ਸਿੰਘ ਅਤੇ ਸਤਿੰਦਰ ਸਿੰਘ ਲਾਦੀਆਂ ਨੇੜੇ ਰਾਮ ਏਨਕਲੇਵ ਨੇੜੇ ਇੱਕ ਖਾਲੀ ਪਲਾਟ ਕੋਲ ਖੜ੍ਹੇ ਹਨ।
ਜਾਣੋ ਕੀ ਹੈ ਪੂਰਾ ਮਾਮਲਾ
ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਵਿਅਕਤੀਆਂ ਦੀ ਪਛਾਣ ਕਰ ਲਈ। ਦੋਵਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਸਾਹਿਲ ਕਾਂਡਾ ਦੇ ਘਰ ਦੇ ਬਾਹਰ ਭੰਨ-ਤੋੜ ਕਰਨ ਵੇਲੇ ਵੀ ਇਹ ਦੋਵੇਂ ਇਕੱਠੇ ਸਨ ਤਾਂ ਇਸੇ ਦੌਰਾਨ ਬਦਮਾਸ਼ਾਂ ਨੇ ਆਪਣੀ ਪੈਂਟ ਹੇਠਾਂ ਲੁਕੋਈ ਪਿਸਤੌਲ 'ਤੇ ਹੱਥ ਰੱਖ ਲਿਆ। ਫਿਰ ਪੁਲਿਸ ਮੁਲਾਜ਼ਮਾਂ ਨੇ ਬਹਾਦਰੀ ਦਿਖਾਉਂਦੇ ਹੋਏ ਗੱਡੀ ਦੇ ਪਿੱਛੇ ਲੁਕ ਕੇ ਆਪਣਾ ਬਚਾਅ ਕੀਤਾ।
ਸਤਿੰਦਰ ਸਿੰਘ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਰਵਿੰਦਰ ਦੀ ਸੱਜੇ ਅਤੇ ਉਸ ਦੇ ਸਾਥੀ ਦੀ ਖੱਬੀ ਲੱਤ 'ਤੇ ਗੋਲੀ ਲੱਗੀ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮਾਂ ਦਾ ਇਲਾਜ ਚੱਲ ਰਿਹਾ ਹੈ।