ਪਿਛਲੇ ਕੁਝ ਦਿਨਾਂ ਤੋਂ ਹਾਈਕੋਰਟ ਨੇ ਮੋਗਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਟੈਂਪੂ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਹੁਣ 400 ਤੋਂ ਵੱਧ ਪਰਿਵਾਰ ਭੁੱਖੇ ਮਰਨ ਦੇ ਕਗਾਰ 'ਤੇ ਹਨ। ਟੈਂਪੂ ਯੂਨੀਅਨ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ। ਹੁਣ 4 ਤੋਂ 5 ਕਿਸਾਨ ਜਥੇਬੰਦੀਆਂ ਟੈਂਪੂ ਚਾਲਕਾਂ ਦੇ ਹੱਕ ਵਿੱਚ ਅੱਗੇ ਆ ਗਈਆਂ ਹਨ।
ਕੋਈ ਸੁਣਵਾਈ ਨਹੀਂ ਹੋ ਰਹੀ
ਮੋਗਾ ਦੇ ਵਿਧਾਇਕ ਦੇ ਘਰ ਦੇ ਬਾਹਰ ਵੀ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਪਰ ਆਟੋ ਚਾਲਕਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਆਟੋ ਚਾਲਕਾ ਦਾ ਕਹਿਣਾ ਹੈ ਕਿ ਸਾਡੇ ਘਰਾਂ ਦੇ ਚੁੱਲ੍ਹੇ ਬੰਦ ਹੋ ਗਏ ਹਨ ਅਤੇ ਇਸ ਕਾਰਨ ਕਰੀਬ ਚਾਰ-ਪੰਜ ਸੌ ਪਰਿਵਾਰ ਭੁੱਖੇ ਮਰਨ ਦੇ ਕਗਾਰ 'ਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹੁਣ ਮਿੰਨੀ ਬੱਸ ਆਪਰੇਟਰ ਦਾ ਦਰਜਾ ਦਿੱਤਾ ਜਾ ਰਿਹਾ ਹੈ।
ਟੈਂਪੂ ਯੂਨੀਅਨ ਦੇ ਹੱਕ ਵਿੱਚ ਆਏ ਕਿਸਾਨ
ਟੈਂਪੂ ਚਾਲਕਾਂ ਨੂੰ ਇਨਸਾਫ ਦਿਵਾਉਣ ਲਈ ਟੈਂਪੂ ਯੂਨੀਅਨ ਦੇ ਹੱਕ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਬੇਰੁਜ਼ਗਾਰੀ ਖ਼ਤਮ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਟੈਂਪੂ ਦਾ ਕਾਰੋਬਾਰ ਖ਼ਤਮ ਕਰਕੇ ਉਨ੍ਹਾਂ ਨੂੰ ਭੁੱਖੇ ਮਰਨ ਲਈ ਛੱਡ ਦਿੱਤਾ ਹੈ। ਜੇਕਰ ਟੈਂਪੂ ਚਾਲਕਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।