ਸ੍ਰੀ ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ 'ਚ ਜੀ.ਟੀ ਰੋਡ 'ਤੇ ਖੜ੍ਹੇ ਕੈਂਟਰ ਨਾਲ ਫਾਰਚੂਨਰ ਕਾਰ ਦੀ ਟੱਕਰ ਹੋ ਗਈ। ਜਿਸ ਕਾਰਨ ਕਾਰ ਚਲਾ ਰਹੇ ਵਿਅਕਤੀ ਦੀ ਇੱਕ ਬਾਂਹ ਸਰੀਰ ਤੋਂ ਵੱਖ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ।ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ਚਲਾ ਰਹੇ ਵਿਅਕਤੀ ਨੂੰ ਬਾਹਰ ਕੱਢਿਆ ਗਿਆ।
ਕਰੇਨ ਨਾਲ ਕਾਰ ਨੂੰ ਕੱਟ ਕੇ ਪੀੜਤ ਨੂੰ ਕੱਢਿਆ ਬਾਹਰ
ਜਾਣਕਾਰੀ ਅਨੁਸਾਰ ਪੀੜਤ ਦੀ ਪਛਾਣ 32 ਸਾਲਾ ਡਾਕਟਰ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਰਾਹਗੀਰਾਂ ਦੀ ਮਦਦ ਨਾਲ ਕਰੇਨ ਬੁਲਾ ਕੇ ਕਾਰ ਨੂੰ ਕੱਟ ਕੇ ਅੰਦਰ ਫਸੇ ਡਾਕਟਰ ਨੂੰ ਬਾਹਰ ਕੱਢਿਆ ਗਿਆ।ਉੱਥੇ ਉਸ ਨੂੰ IVY ਹਸਪਤਾਲ ਲਿਜਾਇਆ ਗਿਆ। ਫਿਲਹਾਲ ਹਰਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਖੰਨਾ ਅਨਾਜ ਮੰਡੀ ਦੇ ਕੋਲ ਡਾਕਟਰ ਹਰਪ੍ਰੀਤ ਸਿੰਘ ਦਾ ਓਂਕਾਰ ਕਲੀਨਿਕ ਹੈ। ਉਹ ਸ਼ਾਮ ਕਰੀਬ 5 ਵਜੇ ਆਪਣੇ ਕਲੀਨਿਕ ਤੋਂ ਸਰਹਿੰਦ ਘਰ ਜਾ ਰਿਹਾ ਸੀ। ਗਣੇਸ਼ ਮਿੱਲ ਨੇੜੇ ਗੱਡੀ ਸੜਕ ਕਿਨਾਰੇ ਖੜ੍ਹੇ ਕੈਂਟਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ।ਪੀੜਤ ਨੂੰ ਕਿਸੇ ਹੋਰ ਵੱਡੇ ਹਸਪਤਾਲ ਵਿੱਚ ਰੈਫਰ ਵੀ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਪੁਲਿਸ ਨੇ ਵੀ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।