ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਚੰਡੀਗੜ੍ਹ ਦੇ ਸੈਕਟਰ 10 ਸਥਿਤ ਡੀਏਵੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ। ਇਹ ਸੂਚੀ ਗੂਗਲ ਸਰਚ ਦੌਰਾਨ ਮੁੱਖ ਪੰਨੇ 'ਤੇ ਦਿਖਾਈ ਜਾ ਰਹੀ ਹੈ। ਇਸ ਸੂਚੀ ਨੂੰ ਗੂਗਲ ਸਰਚ ਦੌਰਾਨ ਮੈਨ ਪੇਜ 'ਤੇ ਦੇਖਿਆ ਜਾ ਸਕਦਾ ਹੈ। ਪਹਿਲੇ ਨੰਬਰ 'ਤੇ ਨੀਰਜ ਚੋਪੜਾ, ਦੂਜੇ ਨੰਬਰ 'ਤੇ ਵਿਕਰਮ ਬੱਤਰਾ ਅਤੇ ਤੀਜੇ ਨੰਬਰ 'ਤੇ ਲਾਰੈਂਸ ਬਿਸ਼ਨੋਈ ਦਾ ਨਾਂ ਹੈ। ਇਸ ਬਾਰੇ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐਨਐਸਯੂਆਈ ਦੇ ਪ੍ਰਧਾਨ ਇਸਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਸਵਾਲ ਖੜ੍ਹੇ ਕੀਤੇ ਹਨ।
ਇਸ ਸੂਚੀ 'ਚ ਕ੍ਰਿਕਟਰ ਯੁਵਰਾਜ ਸਿੰਘ, ਕਪਿਲ ਦੇਵ, ਅਭਿਨੇਤਾ ਆਯੁਸ਼ਮਾਨ ਖੁਰਾਨਾ ਅਤੇ ਨੇਤਾ ਸੰਜੇ ਟੰਡਨ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਾਂ ਵੀ ਸ਼ਾਮਲ ਹਨ। ਦੂਜੇ ਪਾਸੇ ਕਾਲਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਧਿਕਾਰਤ ਵੈੱਬਸਾਈਟ 'ਤੇ ਗੈਂਗਸਟਰ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਹੈ। ਜੇਕਰ ਗੂਗਲ ਸਰਚ 'ਚ ਅਜਿਹਾ ਕੁਝ ਮਿਲਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ।
ਇਸਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰ ਲਾਰੈਂਸ ਨੂੰ ਇਸ ਤਰ੍ਹਾਂ ਸਾਬਕਾ ਵਿਦਿਆਰਥੀ ਦਿਖਾਉਣਾ ਕਾਲਜ ਦੀ ਗਲਤੀ ਹੈ। ਇਸ ਨਾਲ ਸਮਾਜ ਵਿੱਚ ਗਲਤ ਸੰਦੇਸ਼ ਜਾਂਦਾ ਹੈ। ਕਾਲਜ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।