ਪੰਜਾਬ 'ਚ ਇੱਕ ਵਾਰ ਫਿਰ ਪੁਲਿਸ ਅਤੇ ਗੈਂਗਸਟਰਾਂ ਵਿੱਚ ਮੁਕਾਬਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ 'ਚ ਪੁਲਿਸ ਨੇ ਇੱਕ ਬਦਨਾਮ ਗੈਂਗਸਟਰ ਨੂੰ ਐਨਕਾਊਂਟਰ 'ਚ ਮਾਰ ਦਿੱਤਾ ਹੈ। ਉਹ ਗੈਂਗਸਟਰ ਪ੍ਰਭ ਦਾਸੂਵਾਲੀ ਅਤੇ ਡੌਨੀ ਬੱਲ ਦੇ ਕਰੀਬੀ ਸੀ। ਇਸ ਪੁਲਿਸ ਮੁਕਾਬਲੇ ਵਿੱਚ ਏਐਸਆਈ ਨੂੰ ਵੀ ਗੋਲੀ ਲੱਗੀ ਹੈ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜ਼ਖ਼ਮੀ ਦੀ ਪਛਾਣ ਏਐਸਆਈ ਸ਼ਮੀ ਵਜੋਂ ਹੋਈ ਹੈ।
ਰੁਕਣ ਦਾ ਇਸ਼ਾਰਾ ਕਰਨ 'ਤੇ ਗੋਲੀਆਂ ਚਲਾਈਆਂ
ਪੁਲਸ ਨੇ ਦੱਸਿਆ ਕਿ ਜਦੋਂ ਗੈਂਗਸਟਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਸ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਦੀ ਕਰਾਸ ਫਾਇਰਿੰਗ ਵਿੱਚ ਗੈਂਗਸਟਰ ਨੂੰ ਗੋਲੀ ਲੱਗ ਗਈ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਉਰਫ਼ ਰਾਣਾ ਵਜੋਂ ਹੋਈ ਹੈ।
ਪੁਲਿਸ ਕਈ ਦਿਨਾਂ ਤੋਂ ਕਰ ਰਹੀ ਸੀ ਭਾਲ
ਗੈਂਗਸਟਰ ਰਾਣਾ ਅਸਲ ਵਿੱਚ ਬਦਨਾਮ ਅਪਰਾਧੀਆਂ ਪ੍ਰਭ ਦਾਸੂਵਾਲੀ ਅਤੇ ਡੌਨੀ ਬੱਲ ਦਾ ਕਰੀਬੀ ਸਾਥੀ ਸੀ। ਰਾਣਾ 'ਤੇ ਹਰੀਕੇ ਦੇ ਕਮਿਸ਼ਨ ਏਜੰਟ ਰਾਮ ਗੋਪਾਲ ਦੇ ਕਤਲ ਸਮੇਤ ਕਈ ਗੰਭੀਰ ਅਪਰਾਧਾਂ 'ਚ ਸ਼ਾਮਲ ਹੋਣ ਦਾ ਦੋਸ਼ ਸੀ। ਜਿਸ ਦੀ ਪੁਲਿਸ ਨੂੰ ਕਈ ਦਿਨਾਂ ਤੋਂ ਤਲਾਸ਼ ਸੀ।