ਜਲੰਧਰ ਵਿੱਚ ਪੁਲਸ ਚਾਈਨਾ ਡੋਰ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਇਖ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਫਿਲੌਰ ਪੁਲਸ ਨੇ ਚਾਈਨਾ ਡੋਰ ਵੇਚਣ ਦੇ ਮਾਮਲੇ ਵਿੱਚ ਇੱਕ ਕੁਲਚਾ ਵੇਚਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੁਲਚਾ ਵੇਚਣ ਦੀ ਆੜ ਵਿੱਚ ਚਾਈਨਾ ਡੋਰ ਵੇਚ ਰਿਹਾ ਸੀ।
ਕੁਲਚੇ ਵੇਚਣ ਦੀ ਆੜ ਵਿਚ ਵੇਚ ਰਿਹਾ ਸੀ ਚਾਈਨਾ ਡੋਰ
ਪੁਲਸ ਨੇ ਦੱਸਿਆ ਕਿ ਦੋਸ਼ੀ ਅਪਰਾ ਵਿੱਚ ਕੁਲਚੇ ਵੇਚਣ ਦੀ ਆੜ ਵਿੱਚ ਚਾਈਨਾ ਡੋਰ ਵੇਚਣ ਦਾ ਕਾਰੋਬਾਰ ਕਰ ਰਿਹਾ ਸੀ ਅਤੇ ਮੋਟੀ ਕਮਾਈ ਕਰ ਰਿਹਾ ਸੀ। ਪੁਲਸ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ ਵਿਅਕਤੀ ਚਾਈਨਾ ਡੋਰ ਦੀ ਸਪਲਾਈ ਵੀ ਕਰ ਰਿਹਾ ਸੀ ਅਤੇ ਇਸ ਨੂੰ 150 ਰੁਪਏ ਪ੍ਰਤੀ ਗੱਟੂ ਦੇ ਸਸਤੇ ਭਾਅ 'ਤੇ ਖਰੀਦ ਕੇ 500 ਤੋਂ 700 ਰੁਪਏ ਵਿੱਚ ਵੇਚ ਰਿਹਾ ਸੀ। ਫਿਲਹਾਲ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚਾਈਨਾ ਡੋਰ ਨਾਲ ਹਰ ਸਾਲ ਜਾਂਦੀਆਂ ਨੇ ਜਾਨਾਂ
ਚਾਈਨਾ ਡੋਰ ਨਾਲ ਹਰ ਸਾਲ ਹਾਦਸੇ ਵਾਪਰਦੇ ਹਨ ਤੇ ਕਈ ਇਨਸਾਨਾਂ ਦੀਆਂ ਜਾਨਾਂ ਚਲ ਜਾਂਦੀਆਂ ਹਨ। ਇਸ ਨਾਲ ਪੰਛੀ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਹਨ। ਲੁਧਿਆਣਾ ਦੇ ਕਲਸੀ ਨਗਰ ਵਿੱਚ 14 ਸਾਲਾਂ ਦਾ ਸੱਤਯਮ ਪਤੰਗਾਂ ਲੁੱਟਦਾ ਹੋਇਆ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ ਸੀ, ਜਿਸ ਨਾਲ ਉਸ ਦਾ ਗਲਾ ਵੱਢਿਆ ਗਿਆ ਸੀ।
ਜਲੰਧਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ
ਜਲੰਧਰ ਵਿੱਚ ਚਾਈਨਾ ਡੋਰ ਕਾਰਨ 45 ਸਾਲਾ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਹਰਪ੍ਰੀਤ ਬਾਈਕ 'ਤੇ ਆਦਮਪੁਰ ਤੋਂ ਆਪਣੇ ਪਿੰਡ ਜਾ ਰਿਹਾ ਸੀ। ਇਸ ਦੌਰਾਨ, ਉਹ ਚਾਈਨਾ ਡੋਰ ਵਿੱਚ ਫਸ ਗਿਆ ਅਤੇ ਉਸ ਦਾ ਗਲਾ ਵੱਢਿਆ ਗਿਆ। ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੋ ਦਿਨ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।