ਪੰਜਾਬ 'ਚ ਬਾਰਿਸ਼ ਤੋਂ ਬਾਅਦ ਮੌਸਮ ਇਕ ਵਾਰ ਫਿਰ ਗਰਮ ਹੋ ਗਿਆ ਹੈ। ਹੁੰਮਸ ਭਰੀ ਗਰਮੀ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ। ਮੌਸਮ ਵਿਭਾਗ ਨੇ 12 ਜੁਲਾਈ ਨੂੰ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਇਸ ਸਮੇਂ ਫਿਲਹਾਲ ਬੱਦਲ ਛਾਏ ਹੋਏ ਹਨ । ਇਸ ਦੌਰਾਨ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੀਂਹ ਤੋਂ ਬਾਅਦ ਫ਼ਿਰ ਵਧਿਆ ਤਾਪਮਾਨ
ਹਾਲਾਂਕਿ ਮੋਹਾਲੀ 'ਚ ਕੁਝ ਸਮੇਂ ਲਈ ਮੀਂਹ ਪਿਆ ਹੈ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਤਾਪਮਾਨ 'ਚ 1.7 ਡਿਗਰੀ ਦਾ ਵਾਧਾ ਹੋਇਆ ਹੈ। ਜਲੰਧਰ-ਲੁਧਿਆਣਾ 'ਚ ਤਾਪਮਾਨ 36 ਤੋਂ 37 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਜਦੋਂ ਕਿ ਗੁਰਦਾਸਪੁਰ ਵਿੱਚ ਤਾਪਮਾਨ 38 ਡਿਗਰੀ ਤੱਕ ਦਰਜ ਕੀਤਾ ਗਿਆ।
ਡੇਂਗੂ ਵਰਗੀਆਂ ਬਿਮਾਰੀਆਂ ਵਧਣ ਦਾ ਖਤਰਾ
ਦੱਸ ਦੇਈਏ ਕਿ ਇਸ ਮੌਸਮ ਵਿੱਚ ਡੇਂਗੂ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ 'ਚ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਆਪਣੇ ਆਲੇ-ਦੁਆਲੇ ਕਿਤੇ ਵੀ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਪਾਣੀ ਨੂੰ ਵੀ ਖੁੱਲੇ ਵਿੱਚ ਨਹੀਂ ਰੱਖਣਾ ਚਾਹੀਦਾ। ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ।
ਨਮੀ ਦਾ ਪੱਧਰ ਵਧਿਆ
ਮੌਸਮ ਵਿਭਾਗ ਅਨੁਸਾਰ ਅੱਜ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣਗੇ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਨਮੀ ਦਾ ਪੱਧਰ ਵਧ ਗਿਆ ਹੈ। ਇਹ 85 ਤੋਂ 100 ਦੇ ਵਿਚਕਾਰ ਪਹੁੰਚ ਗਿਆ ਹੈ। ਮੰਗਲਵਾਰ ਨੂੰ ਮੀਂਹ ਨਾ ਪੈਣ ਕਾਰਨ ਨਮੀ ਹੋਰ ਵਧ ਗਈ।
ਅੰਮ੍ਰਿਤਸਰ ਵਿੱਚ ਨਮੀ ਦਾ ਪੱਧਰ 66 ਤੋਂ 89 ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਜਲੰਧਰ ਵਿੱਚ ਇਹ 59 ਤੋਂ 100 ਅਤੇ ਲੁਧਿਆਣਾ ਵਿੱਚ 70 ਤੋਂ 77 ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮੌਸਮ 'ਚ ਚਮੜੀ ਨਾਲ ਸਬੰਧਤ ਬੀਮਾਰੀਆਂ ਜ਼ਿਆਦਾ ਹੁੰਦੀਆਂ ਹਨ।