ਦੇਸ਼ ਵਿਚ ਨਕਲ ਅਤੇ ਪੇਪਰ ਲੀਕ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪਰ ਹੁਣ ਮੱਧ ਪ੍ਰਦੇਸ਼ (ਐਮਪੀ) ਸਰਕਾਰ ਨੇ ਇਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਹੁਣ ਜੇਕਰ MP ਵਿੱਚ ਪੇਪਰ ਲੀਕ ਹੋਇਆ ਤਾਂ ਉਸ ਵਿਅਕਤੀ ਨੂੰ ਉਮਰ ਕੈਦ ਅਤੇ 1 ਕਰੋੜ ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਜੇਕਰ ਕੋਈ ਧੋਖਾਧੜੀ ਕਰਦਾ ਫੜਿਆ ਜਾਂਦਾ ਹੈ, ਤਾਂ ਉਹ ਅਗਲੇ ਸਾਲ ਤੱਕ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋ ਸਕੇਗਾ। ਇਹ ਨਿਯਮ ਪੇਪਰ ਲੀਕ ਅਤੇ ਨਕਲ ਦੇ ਮਾਮਲਿਆਂ ਨੂੰ ਰੋਕਣ ਲਈ ਲਿਆਂਦਾ ਜਾ ਰਿਹਾ ਹੈ।
ਪੁਰਾਣੇ ਕਾਨੂੰਨ 'ਚ ਕੀਤੇ ਜਾ ਰਹੇ ਬਦਲਾਅ
ਹੁਣ ਸਰਕਾਰ ਪੇਪਰ ਲੀਕ ਮਾਮਲੇ 'ਚ ਸਖ਼ਤ ਸਜ਼ਾ ਲਈ 1937 'ਚ ਬਣੇ ਪ੍ਰੀਖਿਆ ਕਾਨੂੰਨ 'ਚ ਵੱਡੇ ਬਦਲਾਅ ਕਰਨ ਜਾ ਰਹੀ ਹੈ। ਸਕੂਲ ਸਿੱਖਿਆ ਵਿਭਾਗ ਨੇ ਸੋਧੇ ਹੋਏ ਕਾਨੂੰਨ ਦਾ ਖਰੜਾ ਤਿਆਰ ਕਰ ਲਿਆ ਹੈ। ਇਸ ਡਰਾਫਟ ਨੂੰ ਜਾਂਚ ਲਈ ਕਾਨੂੰਨ ਵਿਭਾਗ ਨੂੰ ਭੇਜਿਆ ਗਿਆ ਹੈ। ਇਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਲਈ ਕੈਬਨਿਟ ਕੋਲ ਭੇਜਿਆ ਜਾਵੇਗਾ। ਸਰਕਾਰ ਇਸ ਕਾਨੂੰਨ ਨੂੰ ਸਰਦ ਰੁੱਤ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਪਾਸ ਕਰਵਾ ਕੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
NEET ਪੇਪਰ ਲੀਕ ਨੂੰ ਲੈ ਕੇ ਭਖਿਆ ਸੀ ਮਾਹੌਲ
ਦਰਅਸਲ ਇਸ ਸਾਲ ਜੂਨ 'ਚ NEET ਪੇਪਰ ਲੀਕ ਦਾ ਮਾਮਲਾ ਗਰਮ ਹੋ ਗਿਆ ਸੀ। ਇਸ ਤੋਂ ਬਾਅਦ ਹੀ ਰਾਜ ਸਰਕਾਰ ਨੇ ਸਕੂਲ ਸਿੱਖਿਆ ਵਿਭਾਗ ਨੂੰ ਕਾਨੂੰਨ ਵਿੱਚ ਸੋਧ ਲਈ ਖਰੜਾ ਤਿਆਰ ਕਰਨ ਲਈ ਕਿਹਾ ਸੀ। ਵਿਭਾਗ ਨੇ ਦੂਜੇ ਰਾਜਾਂ ਵਿੱਚ ਲਾਗੂ ਕਾਨੂੰਨਾਂ ਦਾ ਅਧਿਐਨ ਕੀਤਾ ਸੀ ਅਤੇ ਖਰੜਾ ਸੀਨੀਅਰ ਸਕੱਤਰ ਕਮੇਟੀ ਦੇ ਸਾਹਮਣੇ ਰੱਖਿਆ ਸੀ।