ਅਕਸ਼ੈ ਤ੍ਰਿਤੀਆ 'ਤੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਯਮੁਨੋਤਰੀ ਧਾਮ ਦੇ ਕਪਾਟ ਖੋਲ੍ਹ ਦਿੱਤੇ ਗਏ ਹਨ। ਕਪਾਟ ਖੁੱਲ੍ਹਦੇ ਹੀ ਧਾਮ ਵਿੱਚ ਸ਼ਰਧਾਲੂਆਂ ਦੀ ਭੀੜ ਇਕੱਠੀ ਹੋ ਗਈ। ਇਸ ਦੇ ਨਾਲ ਹੀ ਦੁਪਹਿਰ ਬਾਅਦ ਮੌਸਮ ਵੀ ਬਦਲ ਗਿਆ ਅਤੇ ਤੇਜ਼ ਮੀਂਹ ਸ਼ੁਰੂ ਹੋ ਗਿਆ। ਭੀੜ ਇੰਨੀ ਵੱਧ ਗਈ ਕਿ ਯਾਤਰੀ ਕਈ ਕਿਲੋਮੀਟਰ ਤੱਕ ਸੜਕ 'ਤੇ ਫਸੇ ਰਹੇ।
ਸ਼ਰਧਾਲੂ ਕਈ ਘੰਟਿਆਂ ਤੱਕ ਹਫੜਾ-ਦਫੜੀ ਵਿਚਾਲੇ ਖੜ੍ਹੇ ਰਹੇ
ਕਈ ਘੰਟਿਆਂ ਤੱਕ ਸ਼ਰਧਾਲੂ ਆਪੋ-ਆਪਣੇ ਸਥਾਨਾਂ 'ਤੇ ਖੜ੍ਹੇ ਰਹੇ। ਅਜਿਹੇ 'ਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਭਾਵੇਂ ਪੁਲਸ ਅਤੇ ਪ੍ਰਸ਼ਾਸਨ ਭੀੜ ਨੂੰ ਕਾਬੂ ਕਰਨ ਵਿੱਚ ਜੁਟੇ ਹੋਏ ਹਨ ਪਰ ਯਮੁਨੋਤਰੀ ਦੀਆਂ ਸੜਕਾਂ ਅਤੇ ਫੁੱਟਪਾਥਾਂ 'ਤੇ ਕਈ ਥਾਵਾਂ 'ਤੇ ਲੱਗੇ ਜਾਮ ਨੇ ਪਹਿਲੇ ਦਿਨ ਹੀ ਚਾਰਧਾਮ ਯਾਤਰਾ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਜਾਨਕੀਚੱਟੀ ਯਮੁਨੋਤਰੀ ਫੁੱਟਪਾਥ, ਰਣਚੱਟੀ, ਹਨੂੰਮਾਨਚੱਟੀ, ਫੂਲਚੱਟੀ, ਕ੍ਰਿਸ਼ਨਚੱਟੀ ਤੱਕ ਕਈ ਥਾਵਾਂ 'ਤੇ ਚਾਰ ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਹੈ। ਐਸਐਚਓ ਸੰਤੋਸ਼ ਕੁੰਵਰ ਨੇ ਦੱਸਿਆ ਕਿ ਮੀਂਹ ਕਾਰਨ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸ਼ਰਧਾਲੂਆਂ ਨੂੰ ਜਾਨਕੀਚੱਟੀ ਤੋਂ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਹੈ।
ਰਜਿਸਟ੍ਰੇਸ਼ਨ ਦਾ ਅੰਕੜਾ 23 ਲੱਖ ਨੂੰ ਪਾਰ
ਚਾਰਧਾਮ ਯਾਤਰਾ ਦੀ ਸ਼ੁਰੂਆਤ ਦੇ ਨਾਲ ਹੀ ਰਜਿਸਟ੍ਰੇਸ਼ਨ ਦਾ ਅੰਕੜਾ 23 ਲੱਖ ਨੂੰ ਪਾਰ ਕਰ ਗਿਆ ਹੈ। ਸ਼ੁੱਕਰਵਾਰ ਸ਼ਾਮ 4 ਵਜੇ ਤੱਕ ਚਾਰਧਾਮ ਯਾਤਰਾ ਲਈ 23 ਲੱਖ 57 ਹਜ਼ਾਰ 393 ਰਜਿਸਟ੍ਰੇਸ਼ਨ ਹੋ ਚੁੱਕੇ ਸਨ। ਜਿਨ੍ਹਾਂ ਵਿੱਚੋਂ 8 ਲੱਖ ਤੋਂ ਵੱਧ ਸ਼ਰਧਾਲੂ ਕੇਦਾਰਨਾਥ ਧਾਮ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਬਦਰੀਨਾਥ ਧਾਮ ਲਈ 7 ਲੱਖ, 10 ਹਜ਼ਾਰ, 192 ਰਜਿਸਟ੍ਰੇਸ਼ਨਾਂ ਹੋਈਆਂ। ਯਮੁਨੋਤਰੀ ਲਈ 3 ਲੱਖ, 68 ਹਜ਼ਾਰ 302, ਗੰਗੋਤਰੀ ਧਾਮ ਲਈ 4 ਲੱਖ, 21 ਹਜ਼ਾਰ, 205 ਅਤੇ ਹੇਮਕੁੰਟ ਸਾਹਿਬ ਲਈ 50 ਹਜ਼ਾਰ 604 ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ।
ਕੇਦਾਰਨਾਥ ਧਾਮ ਦੇ ਕਪਾਟ ਸਵੇਰੇ 7 ਵਜੇ ਖੁੱਲ੍ਹੇ
ਇਸ ਤੋਂ ਪਹਿਲਾਂ ਸਵੇਰੇ 7 ਵਜੇ ਭਗਵਾਨ ਸ਼ਿਵ ਦੇ 12 ਜਯੋਤਿਰਲਿੰਗਾਂ ਵਿੱਚੋਂ ਇੱਕ ਸ਼੍ਰੀ ਕੇਦਾਰਨਾਥ ਧਾਮ ਦੇ ਕਪਾਟ ਖੋਲ੍ਹੇ ਗਏ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਆਪਣੀ ਪਤਨੀ ਗੀਤਾ ਨਾਲ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਪੁੱਜੇ।
ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਵੀ ਖੋਲ੍ਹੇ ਗਏ ਕਪਾਟ
ਭਗਵਾਨ ਸ਼੍ਰੀ ਕੇਦਾਰਨਾਥ ਧਾਮ ਤੋਂ ਬਾਅਦ ਹੁਣ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਪਾਟ ਵੀ ਖੋਲ੍ਹ ਦਿੱਤੇ ਗਏ ਹਨ। ਗੰਗੋਤਰੀ ਧਾਮ ਦੇ ਕਪਾਟ ਦੁਪਹਿਰ 12.25 ਵਜੇ ਖੋਲ੍ਹੇ ਗਏ, ਜਦੋਂ ਕਿ ਯਮੁਨੋਤਰੀ ਧਾਮ ਦੇ ਕਪਾਟ ਰਾਤ 10.29 ਵਜੇ ਖੋਲ੍ਹੇ ਗਏ। ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਮੌਸਮ ਵਿਭਾਗ ਨੇ ਬਾਰਸ਼ ਦਾ ਅਲਰਟ ਜਾਰੀ ਕੀਤਾ
ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਵਿਕਰਮ ਸਿੰਘ ਅਨੁਸਾਰ 13 ਮਈ ਤੱਕ ਮੌਸਮ ਬਦਲਿਆ ਰਹੇਗਾ। ਉਨ੍ਹਾਂ ਨੇ ਚਾਰਧਾਮ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਨਾਲ ਗਰਮ ਕੱਪੜੇ ਅਤੇ ਰੇਨ ਕੋਟ ਲਿਆਉਣ ਦੀ ਸਲਾਹ ਦਿੱਤੀ ਹੈ।