ਜਲੰਧਰ ਦੇ ਦੁਸਹਿਰਾ ਗਰਾਊਂਡ ਛਾਉਣੀ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਪੂਰੇ ਇਲਾਕੇ 'ਚ ਫੌਜ ਤਾਇਨਾਤ ਕਰ ਦਿੱਤੀ ਗਈ। ਪਹਿਲਾਂ ਤਾਂ ਲੋਕਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਲੱਗਾ ਪਰ ਬਾਅਦ 'ਚ ਸੁਣਨ 'ਚ ਆਇਆ ਕਿ ਦੁਸਹਿਰਾ ਗਰਾਊਂਡ ਨੇੜੇ ਮੰਦਰ ਦਾ ਨਿਰਮਾਣ ਨਾਜਾਇਜ਼ ਤੌਰ ਤੇ ਕੀਤਾ ਜਾ ਰਿਹਾ ਹੈ। ਉਸ ਨੂੰ ਢਾਹ ਦਿੱਤਾ ਗਿਆ ਹੈ।
ਮੰਦਰ ਦਾ ਕੀਤਾ ਜਾ ਰਿਹਾ ਸੀ ਨਾਜਾਇਜ਼ ਨਿਰਮਾਣ
ਕੈਂਟ ਬੋਰਡ ਨੇ ਪਹਿਲਾਂ ਵੀ ਫੌਜ ਦੀ ਜ਼ਮੀਨ 'ਤੇ ਮੰਦਰ ਬਣਾਉਣ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ। ਇਸ ਦੇ ਬਾਵਜੂਦ ਮੰਦਰ ਦਾ ਨਾਜਾਇਜ਼ ਨਿਰਮਾਣ ਕੀਤਾ ਗਿਆ। ਪਹਿਲਾਂ ਕੈਂਟ ਕਮੇਟੀ ਵੱਲੋਂ ਖਾਲੀ ਪਈ ਫ਼ੌਜੀ ਜ਼ਮੀਨ ’ਤੇ ਇਕ ਮੂਰਤੀ ਰੱਖੀ ਗਈ ਸੀ। ਇਸ ਤੋਂ ਬਾਅਦ ਉਸਾਰੀ ਸ਼ੁਰੂ ਕੀਤੀ ਗਈ। ਫੌਜ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਗਸ਼ਤੀ ਟੀਮ ਮੌਕੇ ਤੋਂ ਲੰਘੀ। ਜਿਸ ਨੇ ਕੈਂਟ ਬੋਰਡ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਮਹੌਲ ਬਣਿਆ ਤਣਾਅਪੁਰਣ
ਸ਼ਿਕਾਇਤ ਮਿਲਣ ਤੋਂ ਬਾਅਦ ਵੀਰਵਾਰ ਸਵੇਰੇ ਕੈਂਟ ਬੋਰਡ ਨੇ ਫੌਜ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲ ਕੇ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ। ਦੇਰ ਸ਼ਾਮ ਤੱਕ ਮੌਕੇ 'ਤੇ ਮਾਹੌਲ ਤਣਾਅਪੂਰਨ ਬਣਿਆ ਰਿਹਾ। ਕਮੇਟੀ ਮੈਂਬਰ ਕੈਂਟ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ। ਇਸ ਦੌਰਾਨ ਛਾਉਣੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੌਜ ਤੋਂ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ।