ਖ਼ਬਰਿਸਤਾਨ ਨੈਟਵਰਕ :ਹਰਿਆਣਾ ਦੇ ਕੈਥਲ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਹਰਿਆਣਾ ਦੀ ਕੋਰਟ ਨੇ ਇੱਕ ਐਸਐਚਓ ਨੂੰ ਇੱਕ ਘੰਟੇ ਲਈ ਹਵਾਲਾਤ ਵਿੱਚ ਰੱਖਣ ਦੇ ਹੁਕਮ ਜਾਰੀ ਕੀਤੇ। ਇੱਕ ਕਤਲ ਕੇਸ ਵਿੱਚ ਐਸਐਚਓ ਰਾਜੇਸ਼ ਕੁਮਾਰ ਗਵਾਹੀ ਲਈ ਪੇਸ਼ ਨਹੀਂ ਹੋ ਰਹੇ ਸਨ। ਕੋਰਟ ਨੇ ਜ਼ਮਾਨਤੀ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਪਰ ਇਸਦੇ ਬਾਵਜੂਦ ਵੀ ਐਸਐਚਓ ਅਦਾਲਤ ਵਿੱਚ ਨਹੀਂ ਪਹੁੰਚੇ। ਫਿਰ ਇਸ ਤੋਂ ਬਾਅਦ, ਅਦਾਲਤ ਨੇ ਕੈਥਲ ਦੇ ਐਸਪੀ ਨੂੰ ਐਸਐਚਓ ਰਾਜੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਅਤੇ ਉਸਦੀ ਤਨਖਾਹ ਜ਼ਬਤ ਕਰਕੇ ਉਸਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ।
ਵੀਰਵਾਰ ਨੂੰ ਜਦੋਂ ਐਸਐਚਓ ਗਵਾਹੀ ਦੇਣ ਲਈ ਆਇਆ, ਤਾਂ ਉਸ ਸਮੇਂ ਅਦਾਲਤ ਕਿਸੇ ਹੋਰ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਐਡੀਸ਼ਨਲ ਸੈਸ਼ਨ ਜੱਜ ਮੋਹਿਤ ਅਗਰਵਾਲ ਦੀ ਅਦਾਲਤ ਨੇ ਸਵੇਰੇ 10:30 ਵਜੇ ਦੇ ਕਰੀਬ ਐਸਐਚਓ ਨੂੰ ਹਿਰਾਸਤ ਵਿੱਚ ਲੈ ਕੇ ਹਵਾਲਾਤ ਵਿੱਚ ਰੱਖਣ ਦੇ ਹੁਕਮ ਦਿੱਤੇ।
ਇਸ ਤੋਂ ਬਾਅਦ ਵਿੱਚ, ਐਸਐਚਓ ਨੂੰ ਦੁਬਾਰਾ 11:30 ਵਜੇ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਨੇ ਗਵਾਹੀ ਦਿੱਤੀ। ਉਸਦੀ ਗਵਾਹੀ ਦਰਜ ਕੀਤੀ ਗਈ। ਜਿਸ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਸਮੇਂ ਸਿਰਸਾ ਦੇ ਬਡਾਗੁਡਾ ਪੁਲਿਸ ਸਟੇਸ਼ਨ ਵਿੱਚ ਐਸਐਚਓ ਵਜੋਂ ਤਾਇਨਾਤ ਹਨ।