UK Gurdwara Attack: ਬਰਤਾਨੀਆ ਦੇ ਗ੍ਰੇਵਸੈਂਡ ਸਥਿਤ ਗੁਰੂ ਨਾਨਕ ਦਰਬਾਰ ਗੁਰਦੁਆਰੇ 'ਚ ਇੱਕ ਨਾਬਾਲਗ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਦੀ ਸ਼ਾਮ ਨੂੰ ਇੱਕ ਬ੍ਰਿਟਿਸ਼ ਨਾਬਾਲਗ ਨੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਉੱਥੇ ਮੱਥਾ ਟੇਕਣ ਅਤੇ ਸੇਵਾ ਕਰ ਰਹੇ ਸ਼ਰਧਾਲੂਆਂ 'ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਸ਼ਰਧਾਲੂਆਂ ਦੀ ਮਦਦ ਨਾਲ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।
ਸਿੱਖ ਸ਼ਰਧਾਲੂ ਬਣ ਕੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਇਆ ਸੀ ਨੌਜਵਾਨ
ਪ੍ਰਾਪਤ ਜਾਣਕਾਰੀ ਅਨੁਸਾਰ ਬਰਤਾਨੀਆ ਦੇ ਗ੍ਰੇਵਸੈਂਡ ਸਥਿਤ ਗੁਰਦੁਆਰਾ ਸਾਹਿਬ 'ਚ ਨਫਰਤ ਨਾਲ ਪ੍ਰੇਰਿਤ ਇਕ ਸ਼ੱਕੀ ਕੱਟੜਪੰਥੀ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ। ਉਸ ਸਮੇਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਰਹੀਆਂ ਸਨ। ਚਸ਼ਮਦੀਦਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਸਿੱਖ ਸ਼ਰਧਾਲੂ ਬਣ ਕੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਇਆ ਸੀ। ਮੱਥਾ ਟੇਕਦੇ ਹੋਏ ਉਸ ਨੇ ਕਿਰਪਾਨ ਚੁੱਕ ਲਈ। ਕਿਰਪਾਨ ਲੈ ਕੇ ਉਹ ਸੰਗਤ ਵੱਲ ਵਧਿਆ ਅਤੇ ਸਾਹਮਣੇ ਆਉਣ ਵਾਲੇ ਲੋਕਾਂ 'ਤੇ ਕਿਰਪਾਨ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਦੋ ਲੜਕੀਆਂ ਸਮੇਤ ਕੁਝ ਸ਼ਰਧਾਲੂ ਹੋਏ ਜ਼ਖਮੀ
ਇਸ ਪੂਰੀ ਘਟਨਾ 'ਚ ਦੋ ਲੜਕੀਆਂ ਜ਼ਖਮੀ ਹੋ ਗਈਆਂ ਹਨ, ਜਦਕਿ ਕੁਝ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਕ ਲੜਕੀ ਦੇ ਹੱਥ 'ਤੇ ਚਾਕੂ ਲੱਗਿਆ ਹੈ, ਜਦਕਿ ਦੂਸਰੀ ਲੜਕੀ ਬਾਂਹ ਅਤੇ ਹੱਥ 'ਤੇ ਚਾਕੂ ਲੱਗਣ ਕਾਰਨ ਜ਼ਖਮੀ ਹੋ ਗਈ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜ਼ਖ਼ਮੀ ਲੜਕੀਆਂ ਦਾ ਕਹਿਣਾ ਹੈ ਕਿ ਜੇਕਰ ਸੰਗਤ ਮੁਲਜ਼ਮ ਨੂੰ ਕਾਬੂ ਨਾ ਕਰਦੀ ਤਾਂ ਉਸ ਨੇ ਸਾਡਾ ਦਾ ਕਤਲ ਕਰ ਦੇਣਾ ਸੀ | ਉਹ ਕਤਲ ਦੇ ਇਰਾਦੇ ਨਾਲ ਗੁਰਦੁਆਰਾ ਸਾਹਿਬ 'ਚ ਆਇਆ ਸੀ।
ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ 'ਚ ਮੌਜੂਦ ਸ਼ਰਧਾਲੂਆਂ ਦੀ ਭੀੜ ਨੌਜਵਾਨ ਨੂੰ ਰੋਕਣ ਲਈ ਅੱਗੇ ਵਧੀ । ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੀ ਪੁਲਿਸ ਵੀ ਤੁਰੰਤ ਹਰਕਤ 'ਚ ਆ ਗਈ ਅਤੇ ਨੌਜਵਾਨ ਨੂੰ ਕਾਬੂ ਕਰ ਲਿਆ । ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਨੌਜਵਾਨ ਬ੍ਰਿਟਿਸ਼ ਨਾਗਰਿਕ ਹੈ ਅਤੇ ਉਸ ਦੀ ਉਮਰ ਸਿਰਫ 17 ਸਾਲ ਹੈ। ਇਹ ਮਾਮਲਾ ਸਿੱਧੇ ਤੌਰ 'ਤੇ ਹੇਟ ਕ੍ਰਾਈਮ ਨਾਲ ਜੁੜਿਆ ਹੋਇਆ ਹੈ।