ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ, ਰੰਧਾਵਾ ਮਸੰਦਾ ਸਕੂਲ ਦੇ ਵਿਦਿਆਰਥੀਆਂ ਨੂੰ ਜਾਪਾਨ ਭੇਜਿਆ ਜਾਵੇਗਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 10 ਦਸੰਬਰ ਨੂੰ ਅੱਠ ਵਿਦਿਆਰਥਣਾਂ ਨੂੰ ਸਿੱਖਿਆ ਦੌਰੇ 'ਤੇ ਭੇਜਣ ਦਾ ਐਲਾਨ ਕੀਤਾ ਹੈ। ਇਹ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਹਨ ਅਤੇ ਇਨ੍ਹਾਂ ਨੂੰ ਸਾਇੰਸ ਐਜੂਕੇਸ਼ਨ ਟੈਕਨਾਲੋਜੀ ਲਈ ਭੇਜਿਆ ਜਾਵੇਗਾ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਰੰਧਾਵਾ ਮਸੰਦਾ ਜਲੰਧਰ ਦੀ ਵਿਦਿਆਰਥਣ ਖਵਾਹਿਸ਼ ਨੇ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਰਕਾਰ ਦੀ ਇਸ ਨੀਤੀ ਤੋਂ ਬਹੁਤ ਖੁਸ਼ ਹੈ।
ਖਵਾਹਿਸ਼ ਨੇ ਪ੍ਰਗਟਾਈ ਖੁਸ਼ੀ
ਖਵਾਹਿਸ਼ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ 11ਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸ ਨੇ ਇਸੇ ਸਰਕਾਰੀ ਸਕੂਲ ਤੋਂ 10ਵੀਂ ਜਮਾਤ ਦੀ ਪੜਾਈ ਪੂਰੀ ਕੀਤੀ ਹੈ। ਖਵਾਹਿਸ਼ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਉਸ ਨੂੰ ਵਿਦੇਸ਼ ਭੇਜਣ ਦੇ ਫੈਸਲੇ ਤੋਂ ਬਹੁਤ ਖੁਸ਼ ਹੈ ਤੇ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਛੋਟੀ ਉਮਰ ਵਿੱਚ ਕਦੇ ਵਿਦੇਸ਼ ਜਾ ਸਕੇਗੀ।
ਖਵਾਹਿਸ਼ ਨੇ ਕਿਹਾ ਕਿ ਉਹ ਜਾਪਾਨ ਜਾ ਕੇ ਵਿਗਿਆਨ ਦੀ ਸਿੱਖਿਆ ਹਾਸਲ ਕਰੇਗੀ ਅਤੇ ਭਾਰਤ ਵਿੱਚ ਮੌਜੂਦ ਤਕਨੀਕ ਬਾਰੇ ਜਾਣੂ ਕਰੇਗੀ। ਖਵਾਹਿਸ਼ ਨੇ ਦੱਸਿਆ ਕਿ ਜਦੋਂ ਪੰਜਾਬ ਸਰਕਾਰ ਨੇ ਉਸ ਨੂੰ ਜਾਪਾਨ ਭੇਜਣ ਲਈ ਚੁਣਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਅਤੇ ਸਾਰਿਆਂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਸ ਦੀ ਜਮਾਤ ਦੇ ਬੱਚਿਆਂ ਨੇ ਵੀ ਉਸ ਦਾ ਸਵਾਗਤ ਕੀਤਾ।
ਸਰਕਾਰ ਦਾ ਕੀਤਾ ਧੰਨਵਾਦ
ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹੈ ਅਤੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਹ ਸੋਸ਼ਲ ਮੀਡੀਆ ਅਤੇ ਮੋਬਾਈਲ ਫੋਨਾਂ ਤੋਂ ਦੂਰ ਰਹਿ ਕੇ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਤਾਂ ਜੋ ਸਰਕਾਰ ਉਨ੍ਹਾਂ ਨੂੰ ਵਿਦੇਸ਼ ਭੇਜਣ ਦਾ ਮੌਕਾ ਦੇ ਸਕੇ।
ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਖਵਾਈਸ਼ ਨੇ ਪੂਰੇ ਪੰਜਾਬ ਵਿੱਚ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਖਵਾਈਸ਼ ਹੋਰ ਬੱਚਿਆਂ ਲਈ ਮਿਸਾਲ ਬਣ ਗਈ ਹੈ ਅਤੇ ਹੋਰ ਬੱਚੇ ਵੀ ਪੜ੍ਹਾਈ ਕਰਕੇ ਮੈਰਿਟ ਵਿੱਚ ਸਥਾਨ ਹਾਸਲ ਕਰਨਗੇ ਅਤੇ ਸਰਕਾਰ ਉਨ੍ਹਾਂ ਨੂੰ ਵਿਦੇਸ਼ ਵੀ ਭੇਜੇਗੀ।
ਪ੍ਰਾਈਵੇਟ ਸਕੂਲਾਂ ਦੀ ਬਰਾਬਰੀ ਕਰ ਰਹੀ ਸਰਕਾਰ
ਪਿ੍ੰਸੀਪਲ ਨੇ ਕਿਹਾ ਕਿ ਸਰਕਾਰੀ ਸਕੂਲਾਂ 'ਚ ਪੜ੍ਹਣ ਵਾਲੇ ਵਿਦਿਆਰਥੀ ਵੀ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਤੋਂ ਪਿੱਛੇ ਨਹੀਂ ਹਨ ਅਤੇ ਜਿਹੜੀਆਂ ਸਹੂਲਤਾਂ ਪ੍ਰਾਈਵੇਟ ਸਕੂਲਾਂ 'ਚ ਮਿਲਦੀਆਂ ਹਨ, ਉਹ ਹੁਣ ਸਰਕਾਰੀ ਸਕੂਲਾਂ 'ਚ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਵਾਰ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਧੀਆ ਆਏ ਹਨ।