ਜਲੰਧਰ ਦੇ ਪੌਸ਼ ਇਲਾਕੇ ਲਾਜਪਤ ਨਗਰ 'ਚ ਇਕ ਘਰ ਵਿਚ ਚੋਰਾਂ ਨੇ ਬਜ਼ੁਰਗ ਜੋੜੇ ਨੂੰ ਨਸ਼ੀਲੀ ਚਾਹ ਪਿਆ ਕੇ ਲੱਖਾਂ ਰੁਪਏ ਦੀ ਨਕਦੀ ਤੇ ਸਾਮਾਨ ਚੋਰੀ ਕਰ ਲਿਆ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੀੜਤਾਂ ਅਨੁਸਾਰ ਮੁਲਜ਼ਮ ਟੀਵੀ ਖਰੀਦਣ ਆਏ ਸਨ ਜੋ ਆਨਲਾਈਨ ਸੇਲ ਉਤੇ ਲਾਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਸਿਟੀ ਪੁਲਸ ਪਹੁੰਚੀ। ਪੁਲਸ ਨੇ ਇਲਾਕੇ ਦੇ ਸੀਸੀਟੀਵੀ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਹਿਚਾਣ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਪੀੜਤਾ ਨੇ ਕਿਹਾ- ਦੋਸ਼ੀ ਬਿਨਾਂ ਮੂੰਹ ਢੱਕ ਕੇ ਆਇਆ ਸੀ।
ਚਾਹ ਵਿਚ ਕੁਝ ਮਿਲਾ ਕੇ ਦਿੱਤਾ, ਫਿਰ ਲੁੱਟਿਆ
ਲਾਜਪਤ ਨਗਰ ਦੀ ਰਹਿਣ ਵਾਲੀ ਜੈਸਮੀਨ ਨੇ ਦੱਸਿਆ ਕਿ ਮੇਰੀ ਭੈਣ ਅਤੇ ਉਹ ਕੰਮ ਕਰਦੇ ਹਨ। ਮਾਤਾ-ਪਿਤਾ ਬਜ਼ੁਰਗ ਹਨ ਅਤੇ ਦੋਵੇਂ ਘਰ ਰਹਿੰਦੇ ਹਨ। ਘਟਨਾ ਦੇ ਸਮੇਂ ਪਿਤਾ ਘਰ 'ਚ ਇਕੱਲੇ ਸਨ ਅਤੇ ਮਾਂ ਕਿਸੇ ਕੰਮ ਲਈ ਬੈਂਕ ਗਈ ਹੋਈ ਸੀ। ਇਸ ਦੌਰਾਨ ਦੁਪਹਿਰ ਸਮੇਂ ਇਕ ਵਿਅਕਤੀ ਘਰ ਵਿਚ ਦਾਖਲ ਹੋਇਆ ਅਤੇ ਉਸ ਦੇ ਪਿਤਾ ਨਾਲ ਗੱਲਬਾਤ ਕੀਤੀ।
ਜਿਸ ਤੋਂ ਬਾਅਦ ਦੋਸ਼ੀ ਨੇ ਉਸ ਦੇ ਪਿਤਾ ਲਈ ਚਾਹ ਬਣਾਈ ਅਤੇ ਉਕਤ ਚਾਹ 'ਚ ਕੁਝ ਮਿਲਾਇਆ। ਇਸ ਦੌਰਾਨ ਉਸ ਦੀ ਮਾਂ ਘਰ ਦੇ ਅੰਦਰ ਪਹੁੰਚ ਗਈ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਬਜ਼ੁਰਗ ਮਾਂ ਨੂੰ ਵੀ ਗੱਲਬਾਤ ਵਿੱਚ ਉਲਝਾ ਲਿਆ ਅਤੇ ਉਸ ਨੂੰ ਉਹੀ ਚਾਹ ਪਿਲਾਈ। ਜਦੋਂ ਦੋਵੇਂ ਬੇਹੋਸ਼ ਹੋ ਗਏ ਤਾਂ ਮੁਲਜ਼ਮ ਨੇ ਚੋਰੀ ਨੂੰ ਅੰਜਾਮ ਦਿੱਤਾ।
ਪੀੜਤ ਨੇ ਕਿਹਾ- ਸਾਡੀ ਪੂਰੀ ਕਲੋਨੀ ਵਿੱਚ ਗੇਟ ਲੱਗੇ ਹੋਏ ਸਨ, ਪਰ ਫਿਰ ਚੋਰ ਘਟਨਾ ਨੂੰ ਅੰਜਾਮ ਦੇ ਕੇ ਭੱਜ ਗਏ। ਸ਼ਾਮ ਨੂੰ ਜਦੋਂ ਜੈਸਮੀਨ ਦੀ ਭੈਣ ਘਰ ਪਹੁੰਚੀ ਤਾਂ ਸਾਰੀ ਘਟਨਾ ਦਾ ਪਤਾ ਲੱਗਾ। ਥਾਣਾ-6 ਦੀ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਇਸ ਘਟਨਾ ਵਿੱਚ ਪੀੜਤ ਪਰਿਵਾਰ ਦਾ ਕਰੀਬ 22 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।