ਜਲੰਧਰ ਦੇ ਖਿੰਗੜਾ ਗੇਟ ਨੇੜੇ ਅਲੀ ਮੁਹੱਲੇ ਦੇ ਰਹਿਣ ਵਾਲੇ ਰਿਸ਼ਭ ਉਰਫ਼ ਬਾਦਸ਼ਾਹ ਦਾ ਕਤਲ ਮਨੂ ਕਪੂਰ ਢਿੱਲੋਂ ਤੇ ਉਸ ਦੇ ਸਾਥੀਆਂ ਨੇ ਕਰ ਦਿੱਤਾ ਸੀ। ਜਿਸ 'ਚ ਮੁੱਖ ਦੋਸ਼ੀ ਮਨੂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਹੁਣ ਪੁਲਸ ਨੇ ਕਤਲ ਵਿੱਚ ਸ਼ਾਮਲ ਦੂਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦੀ ਪਛਾਣ ਚਕਸ਼ਤ ਰੰਧਾਵਾ ਵਾਸੀ ਜਲੰਧਰ ਵਜੋਂ ਹੋਈ ਹੈ।
ਦੱਸ ਦੇਈਏ ਕਿ ਇਹ ਘਟਨਾ ਦੀਵਾਲੀ ਦੀ ਰਾਤ ਦੀ ਹੈ। ਬਾਦਸ਼ਾਹ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ। ਮੁਲਜ਼ਮਾਂ ਨੇ ਕਰੀਬ ਪੰਜ ਰਾਉਂਡ ਫਾਇਰ ਕੀਤੇ ਸਨ। ਲੋਕਾਂ ਨੇ ਰਾਮਾਮੰਡੀ ਹੁਸ਼ਿਆਰਪੁਰ ਰੋਡ ’ਤੇ ਤੱਲ੍ਹਣ ਮੋੜ ’ਤੇ ਜਾਮ ਲਗਾ ਦਿੱਤਾ ਸੀ। ਜਿਸ ਕਾਰਨ ਸੜਕ ’ਤੇ ਲੰਮਾ ਜਾਮ ਲੱਗ ਗਿਆ। ਇਸ ਦੌਰਾਨ ਪੀੜਤਾ ਦੇ ਰਿਸ਼ਤੇਦਾਰ ਸੜਕ 'ਤੇ ਹੀ ਬੈਠ ਗਏ। ਇਸ ਦੌਰਾਨ ਪੁਲਸ ਤੇ ਲੋਕਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ ਸੀ।
ਗ੍ਰਿਫਤਾਰੀ ਦੀ ਮੰਗ ਕਰ ਰਿਹਾ ਸੀ ਪਰਿਵਾਰ
ਇਸ ਦੇ ਨਾਲ ਹੀ ਪਰਿਵਾਰ ਵਾਲੇ ਲੰਬੇ ਸਮੇਂ ਤੋਂ ਇਸ ਮਾਮਲੇ 'ਚ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਪੁਲਸ ਇਸ ਬਾਰੇ ਜਾਣਕਾਰੀ ਸਾਂਝੀ ਕਰ ਸਕਦੀ ਹੈ। ਦੱਸ ਦੇਈਏ ਕਿ ਮਨੂ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਪਹਿਲਾਂ ਹੀ ਜੇਲ ਭੇਜ ਦਿੱਤਾ ਗਿਆ ਹੈ।
ਇੰਸਪੈਕਟਰ ਨੂੰ ਕੀਤਾ ਸੀ ਲਾਈਨ ਹਾਜ਼ਰ
ਬਾਦਸ਼ਾਹ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਮਨੂ 'ਤੇ ਥਾਣੇ ਦੇ ਅੰਦਰ ਵੀਆਈਪੀ ਟ੍ਰੀਟਮੈਂਟ ਦੇਣ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਸੀ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਹਸਪਤਾਲ 'ਚ ਇਲਾਜ ਦੌਰਾਨ ਹੋਈ ਸੀ ਮੌਤ
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਪੁਲਸ ਵਿਚਾਲੇ ਹੱਥੋਪਾਈ ਹੋ ਗਈ। ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿੱਚ ਇਲਾਜ ਦੌਰਾਨ ਰਿਸ਼ਭ ਦੀ ਮੌਤ ਹੋ ਗਈ। ਬਸਤੀ ਭੂਰੇਖਾਂ ਵਾਸੀ ਉਸ ਦਾ ਦੋਸਤ ਈਸ਼ੂ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਹੱਥ ਵਿੱਚ ਗੋਲੀ ਲੱਗੀ। ਦੋਵੇਂ ਨੌਜਵਾਨ ਅਲੀ ਮੁਹੱਲੇ 'ਚ ਰਹਿਣ ਵਾਲੇ ਮਸ਼ਹੂਰ ਐੱਸਕੇ ਭਰਾਵਾਂ ਦੇ ਕਾਫੀ ਕਰੀਬ ਸਨ।
ਪਰਿਵਾਰਕ ਮੈਂਬਰਾਂ ਨੇ ਹਾਈਵੇਅ ਕੀਤਾ ਸੀ ਜਾਮ
ਗੋਲੀ ਲੱਗਣ ਤੋਂ ਬਾਅਦ ਦੋਵਾਂ ਨੂੰ ਪਹਿਲਾਂ ਸਤਿਅਮ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਟੈਗੋਰ ਭੇਜ ਦਿੱਤਾ ਗਿਆ ਅਤੇ ਉਥੋਂ ਉਨ੍ਹਾਂ ਨੂੰ ਜੌਹਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਰਿਸ਼ਭ ਦੀ ਮੌਤ ਹੋ ਗਈ। ਜਦੋਂ ਪਰਿਵਾਰਕ ਮੈਂਬਰਾਂ ਨੇ ਹਾਈਵੇਅ ਬੰਦ ਕਰ ਦਿੱਤਾ ਤਾਂ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਪੁਲਸ ਵਿਚਾਲੇ ਹੱਥੋਪਾਈ ਹੋ ਗਈ। ਦੇਰ ਰਾਤ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਮੌਕੇ 'ਤੇ ਪਹੁੰਚੇ, ਜਿਸ ਤੋਂ ਬਾਅਦ ਹਾਈਵੇ ਨੂੰ ਖੋਲ੍ਹਿਆ ਗਿਆ।