ਬਾਲੀਵੁੱਡ ਅਦਾਕਾਰਾ ਤੇ ਹਾਲ ਹੀ ਵਿੱਚ ਮੰਡੀ ਤੋਂ ਸੰਸਦ ਮੈਂਬਰ ਚੁਣੀ ਗਈ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਇੱਕ ਮਹਿਲਾ ਨੇ ਥੱਪੜ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੰਗਨਾ ਨੂੰ ਸੀਆਈਐਸਐਫ ਸਟਾਫ ਦੀ ਇੱਕ ਮਹਿਲਾ ਸੁਰੱਖਿਆ ਕਰਮੀ ਨੇ ਥੱਪੜ ਮਾਰਿਆ ਸੀ।
ਬਹਿਸ ਤੋਂ ਬਾਅਦ ਮਾਰਿਆ ਥੱਪੜ
ਕੰਗਨਾ ਦਿੱਲੀ ਦੀ ਫਲਾਈਟ ਲੈਣ ਚੰਡੀਗੜ੍ਹ ਏਅਰਪੋਰਟ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਸੁਰੱਖਿਆ ਕਰਮੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਵਿਵਾਦ ਇੰਨਾ ਵੱਧ ਗਿਆ ਕਿ ਮਹਿਲਾ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ।
ਕੰਗਨਾ ਦੇ ਇਸ ਬਿਆਨ ਤੋਂ ਦੁਖੀ ਹੋਈ ਮਹਿਲਾ
ਮੀਡੀਆ ਰਿਪੋਰਟਾਂ ਮੁਤਾਬਕ ਮਹਿਲਾ ਸੁਰੱਖਿਆ ਕਰਮਚਾਰੀ ਕੁਲਵਿੰਦਰ ਕੌਰ ਕੰਗਨਾ ਦੇ ਬਿਆਨਾਂ ਤੋਂ ਬਹੁਤ ਦੁਖੀ ਸੀ। ਮਹਿਲਾ ਨੇ ਕੰਗਨਾ ਦੇ ਕਿਸਾਨਾਂ ਖਿਲਾਫ ਦਿੱਤੇ ਬਿਆਨ ਦਾ ਵਿਰੋਧ ਕੀਤਾ ਸੀ। ਜਿਸ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ ਤੇ ਫਿਰ ਮਹਿਲਾ ਨੇ ਕੰਗਨਾ ਨੂੰ ਥੱਪੜ ਮਾਰ ਦਿੱਤਾ।
ਮਹਿਲਾ ਸੁਰੱਖਿਆ ਕਰਮੀ ਨੂੰ ਹਟਾਇਆ
ਕੰਗਨਾ ਨੂੰ ਥੱਪੜ ਮਾਰਨ ਤੋਂ ਬਾਅਦ ਮਹਿਲਾ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ ਤੇ ਨੌਕਰੀ ਤੋਂ ਹਟਾ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਲਈ ਸੀਆਈਐਸਐਫ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ।
ਮੰਡੀ ਤੋਂ ਸੰਸਦ ਮੈਂਬਰ ਚੁਣੀ ਗਈ ਕੰਗਨਾ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਹੋਏ ਲੋਕ ਸਭਾ ਨਤੀਜਿਆਂ ਵਿੱਚ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ। ਕੰਗਨਾ ਨੇ ਕਾਂਗਰਸ ਉਮੀਦਵਾਰ ਵਿਕਰਮਾਦਿਤਿਆ ਨੂੰ 74 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਹੈ।