ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਭਾਰਤ 'ਤੇ ਉਸੇ ਤਰ੍ਹਾਂ ਹਮਲਾ ਕਰਨਗੇ ਜਿਵੇਂ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਖਾਲਿਸਤਾਨੀ ਅੱਤਵਾਦੀ ਨੇ ਇੱਕ ਨਵੀਂ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ।
ਪੰਨੂ ਨੇ ਇਜ਼ਰਾਈਲ 'ਚ ਹਮਾਸ ਦੇ ਹਮਲੇ ਤੋਂ ਸਬਕ ਸਿੱਖਣ ਦੀ ਸਲਾਹ ਦਿੱਤੀ ਹੈ। ਖਾਲਿਸਤਾਨੀ ਅੱਤਵਾਦੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਹ 40 ਸੈਕਿੰਡ ਦੀ ਵੀਡੀਓ ਹੈ ਜਿਸ ਵਿੱਚ ਗੁਰਪਤਵੰਤ ਸਿੰਘ ਨੇ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਇਸ ਵੀਡੀਓ ਵਿੱਚ ਪੰਨੂ ਨੇ ਪੰਜਾਬ ਨੂੰ ਭਾਰਤ ਦਾ ਹਿੱਸਾ ਨਾ ਮੰਨਦਿਆਂ ਇਸ ਨੂੰ ਆਜ਼ਾਦ ਕਰਵਾਉਣ ਦੀ ਮੰਗ ਕੀਤੀ ਹੈ।
ਵੀਡੀਓ 'ਚ ਖਾਲਿਸਤਾਨੀ ਅੱਤਵਾਦੀ ਪੰਨੂ ਕਹਿੰਦਾ ਹੈ, 'ਅੱਜ ਇਜ਼ਰਾਈਲ ਫਿਲਸਤੀਨ 'ਤੇ ਹਮਲਾ ਕਰ ਰਿਹਾ ਹੈ। ਪੀਐਮ ਮੋਦੀ ਨੂੰ ਇਸ ਹਮਲੇ ਤੋਂ ਸਬਕ ਲੈਣਾ ਚਾਹੀਦਾ ਹੈ। ਇਜ਼ਰਾਈਲ ਦੀ ਤਰਜ਼ 'ਤੇ ਭਾਰਤ ਨੇ ਪੰਜਾਬ 'ਤੇ ਕਬਜ਼ਾ ਕਰ ਲਿਆ ਹੈ। ਜੇਕਰ ਭਾਰਤ ਹਿੰਸਾ ਸ਼ੁਰੂ ਕਰਦਾ ਹੈ ਤਾਂ ਅਸੀਂ ਵੀ ਹਿੰਸਾ ਸ਼ੁਰੂ ਕਰਾਂਗੇ।
ਵੀਡੀਓ 'ਚ ਪੰਨੂ ਅੱਗੇ ਕਹਿੰਦਾ ਹੈ ਕਿ ਜੇਕਰ ਭਾਰਤ ਨੇ ਪੰਜਾਬ 'ਤੇ ਕਬਜ਼ਾ ਕਰਨਾ ਜਾਰੀ ਰੱਖਿਆ ਤਾਂ ਜ਼ਰੂਰ ਪ੍ਰਤੀਕਿਰਿਆ ਹੋਵੇਗੀ। ਇਸ ਲਈ ਮੋਦੀ ਅਤੇ ਭਾਰਤ ਸਰਕਾਰ ਜ਼ਿੰਮੇਵਾਰ ਹੋਵੇਗੀ। ਸਿੱਖ ਫਾਰ ਜਸਟਿਸ ਵੋਟਿੰਗ ਵਿੱਚ ਵਿਸ਼ਵਾਸ ਰੱਖਦੀ ਹੈ। ਵੋਟ 'ਤੇ ਭਰੋਸਾ ਕਰੋ। ਪੰਜਾਬ ਦੇ ਵੱਖ ਹੋਣ ਦਾ ਦਿਨ ਨੇੜੇ ਹੈ। ਕੀ ਤੁਸੀਂ ਵੋਟਿੰਗ ਚਾਹੁੰਦੇ ਹੋ ਜਾਂ ਤੁਹਾਨੂੰ ਗੋਲੀ ਚਾਹੀਦੀ ਹੈ?
ਹੋਰ ਤਾਂ ਹੋਰ ਅੱਤਵਾਦੀ ਪੰਨੂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਵਿੱਚ ਰਹਿਣ ਵਾਲੇ ਲੋਕ ਫਿਲਸਤੀਨ ਵਾਂਗ ਹਿੰਸਾ ਕਰਨ ਲੱਗ ਪਏ ਤਾਂ ਹਾਲਾਤ ਵਿਨਾਸ਼ਕਾਰੀ ਹੋ ਜਾਣਗੇ। ਪੰਨੂ ਨੇ ਕਿਹਾ ਕਿ ਭਾਰਤ ਪੰਜਾਬ ਨੂੰ ਆਜ਼ਾਦ ਕਰ ਦੇਵੇ। ਜੇਕਰ ਭਾਰਤ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਵੀ ਇਜ਼ਰਾਈਲ ਵਰਗਾ ਭਿਆਨਕ ਨਜ਼ਾਰਾ ਦੇਖਣਾ ਪਵੇਗਾ।
ਖਾਲਿਸਤਾਨੀ ਅੱਤਵਾਦੀ ਪੰਨੂ ਵੱਲੋਂ ਇਸ ਵੀਡੀਓ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਸੁਸ਼ਾਂਤ ਸਰੀਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਹੈ ਕਿ ਹੁਣ ਇਸ ਖਾਲਿਸਤਾਨੀ ਅੱਤਵਾਦੀ ਦੀ ਧਮਕੀ 'ਤੇ ਅਮਰੀਕਾ ਅਤੇ ਕੈਨੇਡਾ ਦੀਆਂ ਸਰਕਾਰਾਂ ਕੀ ਕਹਿਣਾ ਚਾਹੁਣਗੀਆਂ?