ਲੁਧਿਆਣਾ 'ਚ ਆਏ ਦਿਨ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਅਜਿਹਾ ਹੀ ਇੱਕ ਤਾਜ਼ਾ ਮਾਮਲਾ ਵਿਸ਼ਵਕਰਮਾ ਚੌਕ ਨੇੜੇ ਝੰਡੂ ਟਾਵਰ ਤੋਂ ਸਾਹਮਣੇ ਆਇਆ ਹੈ। ਜਿੱਥੇ ਟਾਵਰ ਵਿੱਚ ਸਥਿਤ ਆਈ.ਸੀ.ਆਈ.ਸੀ.ਆਈ ਬੈਂਕ ਦੇ ਬਾਹਰ ਖੜੀ ਕਾਰ ਵਿੱਚੋਂ ਦੋ ਵਿਅਕਤੀ ਨੋਟਾਂ ਨਾਲ ਭਰਿਆ ਬੈਗ ਲੈ ਕੇ ਭੱਜ ਗਏ।
10 ਲੱਖ ਤੋਂ ਵੱਧ ਰੁਪਏ ਸਨ ਬੈਗ 'ਚ
ਘਟਨਾ ਸਬੰਧੀ ਵਪਾਰੀ ਯਸ਼ਿਕ ਨੇ ਦੱਸਿਆ ਕਿ ਉਹ ਕਾਰ 'ਚ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਇਆ ਸੀ। ਇਸ ਦੌਰਾਨ ਜਦੋਂ ਉਹ ਬੈਂਕ ਦੇ ਅੰਦਰ ਗਿਆ ਤਾਂ ਕੁਝ ਦੇਰ ਬਾਅਦ ਦੋ ਵਿਅਕਤੀ ਉਸ ਦੀ ਕਾਰ ਵਿੱਚੋਂ ਨੋਟਾਂ ਨਾਲ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਏ। ਬੈਗ ਵਿੱਚ 10 ਲੱਖ ਰੁਪਏ ਤੋਂ ਵੱਧ ਦੀ ਰਕਮ ਸੀ। ਉਹ ਕਰਜ਼ੇ ਦੀ ਕਿਸ਼ਤ ਜਮ੍ਹਾ ਕਰਵਾਉਣ ਲਈ ਗਿਆ ਸੀ। ਇਸ ਦੌਰਾਨ ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਕਾਰ 'ਚੋਂ ਨੋਟਾਂ ਨਾਲ ਭਰਿਆ ਬੈਗ ਅਤੇ ਲੈਪਟਾਪ ਦੋਵੇਂ ਗਾਇਬ ਸਨ।
CCTV ਦੀ ਜਾਂਚ 'ਚ ਜੁਟੀ ਪੁਲਸ
ਪੀੜਤ ਵਪਾਰੀ ਯਾਸ਼ਿਕ ਨੇ ਅੱਗੇ ਦੱਸਿਆ ਕਿ ਉਸ ਨੇ ਇਸ ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲੀਸ ਨੇ ਚੋਰਾਂ ਨੂੰ ਫੜਨ ਦਾ ਭਰੋਸਾ ਦਿੱਤਾ ਹੈ। ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਰਾਹੀਂ ਹੀ ਚੋਰਾਂ ਦਾ ਪਤਾ ਲਗਾਇਆ ਜਾ ਸਕਦਾ ਹੈ।