ਖਬਰਿਸਤਾਨ ਨੈੱਟਵਰਕ- ਮੋਗਾ ਦੇ ਪਿੰਡ ਰਣੀਆ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਨਾਬਾਲਗ ਲੜਕੀ ਵਿਆਹ ਪ੍ਰੋਗਰਾਮ ਤੋਂ ਬਾਅਦ ਆਪਣੇ ਦੋਸਤ ਦੇ ਨਾਲ ਕਿਤੇ ਚਲੀ ਜਾਂਦੀ ਹੈ, ਪਰ ਬਾਅਦ ਵਿੱਚ ਉਹ ਕੁੜੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਿੰਡ ਦੀ ਨਹਿਰ ਦੇ ਕੰਢੇ ਮਿਲਦੀ ਹੈ।
ਪੀੜਤ ਕੁੜੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਨਾਲ ਗਈ ਸੀ ਉਸ ਦੇ ਚਾਚਾ ਨੇ ਉਸ ਨੂੰ ਦੋਸਤ ਨਾਲ ਜਾਂਦੇ ਵੇਖ ਲਿਆ ਸੀ। ਕੁੜੀ ਨੇ ਦੱਸਿਆ ਕਿ ਉਸ ਨੇ ਲੜਕੇ ਨੂੰ ਕਿਹਾ ਕਿ ਜੇ ਉਹ ਘਰ ਵਾਪਸ ਗਈ ਤਾਂ ਉਸ ਦੇ ਘਰ ਵਾਲੇ ਉਸਨੂੰ ਮਾਰ ਦੇਣਗੇ। ਲੜਕੇ ਨੇ ਕਿਹਾ ਕਿ ਜੇ ਉਹ ਉਸਨੂੰ ਘਰ ਲੈ ਜਾਵੇਗਾ ਤਾਂ ਉਸ ਦੇ ਪਰਿਵਾਰ ਵਾਲੇ ਉਸਨੂੰ ਘਰੋਂ ਕੱਢ ਦੇਣਗੇ। ਬਾਅਦ ਵਿੱਚ ਕੁੜੀ ਨੂੰ ਇਹ ਯਾਦ ਨਹੀਂ ਕਿ ਉਸ ਦੇ ਚਿਹਰੇ ਅਤੇ ਸਰੀਰ ਉੱਤੇ ਇਹ ਭਿਆਨਕ ਸੱਟਾਂ ਕਿਵੇਂ ਲੱਗੀਆਂ।
ਕੁੜੀ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਉਸ ਦੀ ਧੀ ਨੂੰ ਚਾਰ ਬਾਈਕ ਸਵਾਰ ਲੜਕੇ ਅਗਵਾ ਕਰਕੇ ਲੈ ਗਏ ਸਨ। ਦੂਜੇ ਦਿਨ ਉਹ ਉਨ੍ਹਾਂ ਨੂੰ ਬਹੁਤ ਜ਼ਖ਼ਮੀ ਹਾਲਤ ਵਿੱਚ ਨਹਿਰ ਦੇ ਕੰਢੇ ਮਿਲੀ। ਪਰਿਵਾਰ ਨੇ ਆਪਣੀ ਧੀ ਲਈ ਇਨਸਾਫ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਡੀਐਸਪੀ ਨਿਹਾਲ ਸਿੰਘ ਵਾਲਾ, ਅਨਵਰ ਅਲੀ ਨੇ ਦੱਸਿਆ ਕਿ ਨਾਬਾਲਿਗ ਕੁੜੀ ਨੂੰ ਸਥਾਨਕ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕੁੜੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ, ਇਸ ਵੇਲੇ ਕੁੜੀ ਗੱਲ ਕਰਨ ਦੇ ਯੋਗ ਨਹੀਂ, ਪਰ ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਤਫਤੀਸ਼ ਕੀਤੀ ਜਾ ਰਹੀ ਹੈ।