ਖਬਰਿਸਤਾਨ ਨੈੱਟਵਰਕ- ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ 'ਚ ਹਾਲ ਹੀ 'ਚ ਆਏ ਹੜ੍ਹ ਦੌਰਾਨ ਗੇਟ ਟੂੱਟਣ ਦੇ ਮਾਮਲੇ 'ਚ ਪੰਜਾਬ ਸਿੰਚਾਈ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਨੇ ਤੁਰੰਤ ਪ੍ਰਭਾਵ ਨਾਲ ਐਕਸਈਐਨ ਨਿਤਿਨ ਸੂਦ, ਐਸ.ਡੀ.ਓ. ਅਰੁਣ ਕੁਮਾਰ ਅਤੇ ਜੇਈ ਸਚਿਨ ਠਾਕੁਰ ਨੂੰ ਮੁਅੱਤਲ ਕਰ ਦਿੱਤਾ ਹੈ।
ਹੋਰ ਅਧਿਕਾਰੀਆਂ 'ਤੇ ਵੀ ਹੋ ਸਕਦੀ ਹੈ ਕਾਰਵਾਈ
ਇਸ ਸੰਬੰਧੀ ਹੁਕਮ ਪੰਜਾਬ ਦੇ ਜਲ ਸੰਸਾਧਨ ਵਿਭਾਗ ਦੇ ਮੁੱਖ ਸਕੱਤਰ ਵੱਲੋਂ ਜਾਰੀ ਕੀਤੇ ਗਏ ਹਨ। ਮਾਮਲੇ 'ਚ ਹੋਰ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾ ਸਕਦੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਉਹਨਾਂ 'ਤੇ ਵੀ ਕਾਰਵਾਈ ਹੋ ਸਕਦੀ ਹੈ। ਹਾਲਾਂਕਿ ਮੁੱਖ ਸਕੱਤਰ ਦੇ ਪੱਤਰ 'ਚ ਅਗਲੀ ਸੰਭਾਵਿਤ ਕਾਰਵਾਈ ਬਾਰੇ ਕੋਈ ਸਾਫ਼ ਜ਼ਿਕਰ ਨਹੀਂ ਕੀਤਾ ਗਿਆ।
27 ਅਗਸਤ ਨੂੰ ਟੂਟਿਆ ਸੀ ਗੇਟ
27 ਅਗਸਤ ਨੂੰ ਮਾਧੋਪੁਰ ਹੈੱਡਵਰਕਸ ਦਾ ਇੱਕ ਗੇਟ ਟੂੱਟ ਗਿਆ ਸੀ, ਜਿਸ ਕਾਰਨ ਡੈਮ ਦਾ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਵੱਗਣਾ ਸ਼ੁਰੂ ਹੋ ਗਿਆ ਸੀ। ਗੇਟ ਟੂਟਣ ਸਮੇਂ ਲਗਭਗ 50 ਲੋਕ ਪਾਣੀ ਵਿੱਚ ਫਸ ਗਏ ਸਨ, ਜੋ ਕਿ ਗੇਟ ਦੀ ਮੁਰੰਮਤ ਦੇ ਕੰਮ 'ਚ ਲੱਗੇ ਹੋਏ ਸਨ। ਇਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਸੀ।