ਮੁਹਾਲੀ ਪੁਲਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੇ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਤਿੰਨੇ ਬਦਮਾਸ਼ ਵਿਦੇਸ਼ 'ਚ ਬੈਠੇ ਗੈਂਗਸਟਰ ਦੇ ਇਸ਼ਾਰੇ 'ਤੇ ਕੰਮ ਕਰਦੇ ਸਨ। ਮੁਲਜ਼ਮ ਪਵਿੱਤਰ ਚੂੜਾ ਗਿਰੋਹ ਦੇ ਮੈਂਬਰ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਲਵਜੀਤ ਖੱਖ, ਗੁਰਸੇਵਕ ਬੰਬ ਅਤੇ ਬਹਾਦਰ ਖਾਨ ਵਜੋਂ ਹੋਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ 'ਤੇ ਪੋਸਟ ਕਰ ਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ।
ਪਿਸਤੌਲ ਅਤੇ ਕਾਰਤੂਸ ਬਰਾਮਦ
ਪੁਲਸ ਨੇ ਇਨ੍ਹਾਂ ਤਿੰਨਾਂ ਦੇ ਕਬਜ਼ੇ 'ਚੋਂ ਇਕ ਪਿਸਤੌਲ, 15 ਜ਼ਿੰਦਾ ਕਾਰਤੂਸ ਅਤੇ ਇਕ ਫਾਰਚੂਨਰ ਕਾਰ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਤਿੰਨੇ ਵਿਦੇਸ਼ 'ਚ ਬੈਠੇ ਗੈਂਗਸਟਰ ਪਵਿੱਤਰ ਦੇ ਇਸ਼ਾਰੇ 'ਤੇ ਮੋਹਾਲੀ 'ਚ ਰੇਕੀ ਕਰ ਰਹੇ ਸਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਛਾਣ ਛੁਪਾ ਕੇ ਮੁਹਾਲੀ ਵਿੱਚ ਰਹਿ ਰਹੇ ਸਨ
ਡੀਜੀਪੀ ਗੌਰਵ ਯਾਦਵ ਅਨੁਸਾਰ ਪੁਲਸ ਵੱਲੋਂ ਫੜੇ ਗਏ ਤਿੰਨ ਮੁਲਜ਼ਮ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਆਰਮਜ਼ ਐਕਟ, ਐਨਡੀਪੀਐਸ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਤਿੰਨੇ ਵਿਅਕਤੀ ਆਪਣੀ ਪਛਾਣ ਛੁਪਾ ਕੇ ਮੁਹਾਲੀ ਵਿੱਚ ਰਹਿ ਰਹੇ ਸਨ।