ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਇੱਕ ਵੀਡੀਓ ਹੈ ਤੇ ਉਸ ਦੇ ਨਾਲ ਇੱਕ ਕੈਪਸ਼ਨ ਲਿਖੀ ਹੈ, ਜਿਸ ਵਿਚ ਪੰਜਾਬ ਸਰਕਾਰ ਉਤੇ ਤੰਜ ਕੱਸਦੇ ਹੋਏ ਪਿਤਾ ਬਲਕੌਰ ਸਿੰਘ ਨੇ ਲਿਖਿਆ ਕਿ ਮੇਰੇ ਪੁੱਤਰ ਦੀਆਂ ਇਨ੍ਹਾਂ ਲਾਈਨਾਂ ਵੇਲੇ 92 ਗੂੰਗਿਆਂ ਵੱਲੋਂ ਟਵੀਟ ਕੀਤੇ ਗਏ ਸਨ, ਅੱਜ ਇੱਕ ਵੀ ਬੋਲਿਆ ਹੋਵੇ ਤਾਂ ਦੱਸਿਓ।
ਪਰਿਵਾਰ ਨੂੰ ਅਜੇ ਤੱਕ ਨਹੀਂ ਮਿਲਿਆ ਇਨਸਾਫ
ਸਿੱਧੂ ਮੂਸੇਵਾਲਾ ਨੂੰ ਦੁਨੀਆਂ ਤੋਂ ਰੁਖਸਤ ਹੋਏ ਕਾਫੀ ਸਮਾਂ ਹੋ ਗਿਆ ਹੈ ਪਰ ਸਿੱਧੂ ਦੇ ਪਰਿਵਾਰ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਇਸ ਦੀ ਨਾਰਾਜ਼ਗੀ ਮਰਹੂਮ ਗਾਇਕ ਦੇ ਮਾਤਾ-ਪਿਤਾ ਸੋਸ਼ਲ ਮੀਡੀਆ ਉਤੇ ਜਤਾਉਂਦੇ ਰਹਿੰਦੇ ਹਨ।
'ਜੋ ਰਾਜ ਸਭਾ ਹੋਇਆ ਜ਼ਿੰਮੇਵਾਰ ਦੱਸੋ ਕੌਣ? ਹੁਣ ਮੈਨੂੰ ਲੋਕੋ, ਗ਼ੱਦਾਰ ਦੱਸੋ ਕੌਣ?
ਦਰਅਸਲ ਇਸ ਵੀਡੀਓ 'ਚ ਆਮ ਆਦਮੀ ਪਾਰਟੀ ਦਾ ਨੇਤਾ ਨਜ਼ਰ ਆ ਰਿਹਾ ਹੈ, ਜੋ ਕਿ ਪੰਜਾਬ ਹਰਿਆਣਾ ਵਿਚਾਲੇ ਐਸਵਾਈਐਲ ਦੇ ਮੁੱਦੇ 'ਤੇ ਬੋਲ ਰਿਹਾ ਹੈ। ਇਸ ਦੇ ਨਾਲ-ਨਾਲ ਬਲਕੌਰ ਸਿੰਘ ਨੇ ਵੀਡੀਓ ਸ਼ੇਅਰ ਕਰਦਿਆਂ ਆਪ ਆਗੂਆਂ 'ਤੇ ਤਿੱਖੇ ਤੰਜ ਕੱਸੇ ਹਨ ਅਤੇ ਇਹੀ ਨਹੀਂ ਉਨ੍ਹਾਂ ਨੇ ਆਪ ਆਗੂਆਂ ਨੂੰ ਗੂੰਗਾ ਤੱਕ ਕਹਿ ਦਿੱਤਾ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਜੋ ਰਾਜ ਸਭਾ ਹੋਇਆ ਜ਼ਿੰਮੇਵਾਰ ਦੱਸੋ ਕੌਣ? ਹੁਣ ਮੈਨੂੰ ਲੋਕੋ, ਗ਼ੱਦਾਰ ਦੱਸੋ ਕੌਣ?
ਮੇਰੇ ਪੁੱਤਰ ਦੀਆਂ ਇਹਨਾਂ ਲਾਈਨਾਂ ਵੇਲੇ 92 ਗੂੰਗਿਆਂ ਵੱਲੋਂ ਟਵੀਟ ਕੀਤੇ ਗਏ ਸਨ, ਅੱਜ ਇੱਕ ਵੀ ਬੋਲਿਆ ਹੋਵੇ ਤਾਂ ਦੱਸਿਓ।' ਦੱਸ ਦਈਏ ਇਹ ਲਾਈਨਾਂ ਸਿੱਧੂ ਮੂਸੇਵਾਲਾ ਦੇ ਗਾਣੇ 'SYL' ਦੀਆਂ ਹਨ।