ਸੰਗਰੂਰ-ਪਟਿਆਲਾ ਕੌਮੀ ਮਾਰਗ ’ਤੇ ਭਵਾਨੀਗੜ੍ਹ ਨੇੜੇ ਇੱਕ ਪੀ.ਆਰ.ਟੀ.ਸੀ. ਬੱਸ ਪਲਟ ਗਈ, ਜਿਸ ਵਿੱਚ 12-14 ਦੇ ਕਰੀਬ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਇਹ ਬੱਸ ਪਟਿਆਲਾ ਤੋਂ ਬਠਿੰਡਾ ਜਾ ਰਹੀ ਸੀ ਪਰ ਜਦੋਂ ਬੱਸ ਨਜ਼ਦੀਕੀ ਹਨੀ ਢਾਬੇ ਕੋਲ ਪਹੁੰਚੀ ਤਾਂ ਅਚਾਨਕ ਇੱਕ ਟੈਂਕਰ ਸੜਕ 'ਤੇ ਆ ਗਿਆ, ਜਿਸ ਕਾਰਨ ਬੱਸ ਓਵਰਟੇਕ ਕਰਦੇ ਸਮੇਂ ਆਪਣਾ ਸੰਤੁਲਨ ਗੁਆ ਬੈਠੀ ਅਤੇ ਇਹ ਹਾਦਸਾ ਵਾਪਰ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਤੁਰੰਤ ਭਵਾਨੀਗੜ੍ਹ ਦੇ ਸਿਵਲ ਹਸਪਤਾਲ ਪਹੁੰਚਾਇਆ। ਫਿਲਹਾਲ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਤੋਂ ਦੋ ਦਿਨ ਪਹਿਲਾਂ ਗੁਰਦਾਸਪੁਰ ਵਿੱਚ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਇੱਕ ਦਰੱਖਤ ਨਾਲ ਟਕਰਾ ਗਈ ਸੀ। ਇਸ ਵਿੱਚ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ। ਬੱਸ ਹਾਦਸੇ ਤੋਂ ਬਾਅਦ ਮੌਕੇ 'ਤੇ ਹਾਹਾਕਾਰ ਮੱਚ ਗਈ।
3, 4 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ
ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਦੀ ਸਮਝਦਾਰੀ ਕਾਰਨ ਸਵਾਰੀਆਂ ਵਾਲ-ਵਾਲ ਬਚ ਗਈਆਂ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ। ਥਾਣਾ ਸਦਰ ਦੀ ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਤਿੰਨ ਤੋਂ ਚਾਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਮੁੱਢਲੀ ਸਹਾਇਤਾ ਦੇ ਕੇ ਛੱਡ ਦਿੱਤਾ ਗਿਆ। ਇਸ ਘਟਨਾ ਵਿੱਚ ਸਰਕਾਰੀ ਬੱਸ ਨੂੰ ਨੁਕਸਾਨ ਪਹੁੰਚਿਆ ਹੈ।
ਇਸ ਤੋਂ ਪਹਿਲਾਂ ਵੀ ਵਾਪਰਿਆ ਸੀ ਹਾਦਸਾ, 3 ਲੋਕਾਂ ਦੀ ਜਾਨ ਚਲੀ ਗਈ ਸੀ
1 ਅਕਤੂਬਰ ਨੂੰ ਵੀ ਗੁਰਦਾਸਪੁਰ ਵਿੱਚ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਕੰਪਨੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ। ਬੱਸ ਬਟਾਲਾ ਤੋਂ ਮੋਹਾਲੀ ਜਾ ਰਹੀ ਸੀ। ਇਸ ਦੌਰਾਨ ਬਟਾਲਾ-ਕਾਦੀਆਂ ਰੋਡ 'ਤੇ ਬੱਸ ਦੇ ਅੱਗੇ ਅਚਾਨਕ ਇੱਕ ਬਾਈਕ ਆ ਗਈ ਸੀ। ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਸ ਕੰਧ ਨਾਲ ਟਕਰਾ ਗਈ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 10-15 ਲੋਕ ਜ਼ਖਮੀ ਹੋ ਗਏ। ਇਸ ਵਿੱਚ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ।