ਅੱਜ ਸਵੇਰੇ ਪਟਿਆਲਾ ਦੇ ਧਰੇਰੀ ਜੱਟਾਂ ਟੋਲ ਪਲਾਜ਼ਾ ਨੇੜੇ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਟਰੱਕ ਸਮੇਤ ਕਈ ਵਾਹਨ ਆਪਸ ਵਿੱਚ ਟਕਰਾ ਗਏ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ। ਚੰਗੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਲੋਕਾਂ ਨੂੰ ਲੱਗੀਆਂ ਮਾਮੂਲੀ ਸੱਟਾਂ
ਹਾਦਸੇ ਤੋਂ ਬਾਅਦ ਕੁਝ ਵਾਹਨ ਪਲਟ ਵੀ ਗਏ। ਪਰ ਇਸ ਹਾਦਸੇ ਵਿੱਚ ਕਾਰ ਚਾਲਕ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਤੇ ਉਹ ਵਾਲ-ਵਾਲ ਬਚ ਗਏ। ਹਾਦਸੇ ਤੋਂ ਬਾਅਦ ਟੋਲ ਪਲਾਜ਼ਾ ਨੇੜੇ ਕਾਫੀ ਜਾਮ ਲੱਗ ਗਿਆ।
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਅੱਜ ਵੀ ਮੌਸਮ ਵਿਭਾਗ ਨੇ ਪੂਰੇ ਪੰਜਾਬ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਸਲਾਹ ਦਿੱਤੀ ਹੈ।
ਪੰਜਾਬ ਵਿੱਚ ਕੜਾਕੇ ਦੀ ਠੰਡ
ਦੱਸ ਦੇਈਏ ਕਿ ਪੰਜਾਬ ਵਿੱਚ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ। ਜੇਕਰ ਅੱਜ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਬਠਿੰਡਾ ਸਭ ਤੋਂ ਠੰਢਾ ਸ਼ਹਿਰ ਰਿਹਾ ਹੈ। ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 4.2 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਜਲੰਧਰ ਵਿੱਚ ਬੀਤੇ ਦਿਨ ਪਾਰਾ 4.4 ਡਿਗਰੀ ਤੱਕ ਡਿੱਗ ਗਿਆ ਸੀ।