ਮੋਗਾ ਪੁਲਸ ਤੇ ਗੈਂਗਸਟਰ ਵਿਚਕਾਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਗੈਂਗਸਟਰ ਨੇ ਜਦੋਂ ਪੁਲਸ ਉਤੇ ਫਾਇਰਿੰਗ ਕੀਤੀ ਤਾਂ ਪੁਲਸ ਨੂੰ ਵੀ ਅੱਗੋਂ ਜਵਾਬੀ ਕਾਰਵਾਈ ਕਰਨੀ ਪਈ।
ਗੈਂਗਸਟਰ ਨੇ ਪੁਲਸ 'ਤੇ ਕੀਤੀ ਫਾਇਰਿੰਗ
ਜਾਣਕਾਰੀ ਅਨੁਸਾਰ ਗੈਂਗਸਟਰ ਗੁਰਦੀਪ ਸਿੰਘ ਮਾਨਾ ਨੂੰ ਪੁਲਸ ਨੇ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਉਸ ਤੋਂ 400 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਸੀ। ਇਸ ਦੇ ਨਾਲ ਹੀ BMW ਗੱਡੀ ਵੀ ਬਰਾਮਦ ਕੀਤੀ ਗਈ।
ਅੱਜ ਜਦੋਂ ਪੁਲਸ ਗੈਂਗਸਟਰ ਗੁਰਦੀਪ ਸਿੰਘ ਮਾਨਾ ਨੂੰ ਹਥਿਆਰ ਬਰਾਮਦਗੀ ਲਈ ਚੂਹੜ ਚੱਕ ਲੈ ਕੇ ਗਈ, ਜਿਹੜੀ ਜਗ੍ਹਾ ਗੁਰਦੀਪ ਸਿੰਘ ਨੇ ਹੋਰ ਹਥਿਆਰ ਬਰਾਮਦ ਕਰਨ ਲਈ ਦੱਸੀ ਸੀ, ਤਾਂ ਉਸ ਨੇ ਉੱਥੇ ਪੁਲਸ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ 'ਤੇ ਦੋ ਗੋਲੀਆਂ ਚਲਾਈਆਂ। ਮੋਗਾ ਦੇ ਅਜੀਤਵਾਲ ਸ਼ਹਿਰ ਦੇ ਨੇੜੇ ਪਿੰਡ ਢੁੱਡੀਕੇ ਨੇੜੇ ਵਗਦੀ ਨਹਿਰ ਦੇ ਕੰਢੇ ਦੱਬੇ ਹੋਏ ਹਥਿਆਰ ਇਕੱਠੇ ਕਰਨ ਗਏ ਸਨ ਤਾਂ ਉਥੇ ਉਸ ਨੇ ਹਮਲਾ ਕਰ ਦਿੱਤਾ।
ਪੁਲਸ ਨੇ ਕੀਤੀ ਜਵਾਬੀ ਕਾਰਵਾਈ
ਇਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਗੋਲੀ ਚਲਾਉਣੀ ਪਈ, ਇੱਕ ਗੋਲੀ ਗੁਰਦੀਪ ਸਿੰਘ ਦੀ ਲੱਤ ਵਿੱਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ।ਗੈਂਗਸਟਰ A ਕੈਟਾਗਰੀ ਦਾ ਦੱਸਿਆ ਜਾ ਰਿਹਾ ਹੈ।