ਪੰਜਾਬੀ ਨੌਜਵਾਨ ਨੇ ਇਟਲੀ ਵਿਚ ਟਰੇਨ ਚਾਲਕ ਦੀ ਨੌਕਰੀ ਹਾਸਲ ਕਰ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਕਦੇ ਸਮਾਂ ਹੁੰਦਾ ਸੀ ਕਿ ਜਦੋਂ ਕਿਹਾ ਜਾਂਦਾ ਸੀ ਕਿ ਇਟਲੀ ’ਚ ਆਏ ਭਾਰਤੀ ਕਾਮੇ ਸਿਰਫ਼ ਖੇਤੀਬਾੜੀ ਅਤੇ ਡੇਅਰੀ ਫ਼ਾਰਮ ਵਿਚ ਹੀ ਕੰਮ ਕਰਦੇ ਹਨ ਪਰ ਜਿਉਂ- ਜਿਉਂ ਇਟਲੀ ’ਚ ਦੂਸਰੀ ਪੀੜੀ ਨੇ ਚੰਗੀ ਵਿੱਦਿਆਂ ਇਟਾਲੀਅਨ ਭਾਸ਼ਾ ’ਚ ਹਾਸਿਲ ਕੀਤੀ। ਇਟਲੀ ’ਚ ਭਾਰਤੀਆਂ ਦੁਆਰਾ ਆਏ ਦਿਨ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਦੀਆ ਖ਼ਬਰਾਂ ਮਿਲਦੀਆ ਹਨ।
ਪੰਜਾਬੀ ਸਿੱਖ ਸਰਦਾਰ ਗੱਭਰੂ ਬਣਿਆ ਟਰੇਨ ਚਾਲਕ
ਦੱਸ ਦੇਈਏ ਕਿ ਪੰਜਾਬ ਦਾ ਜੰਮਪਲ 22 ਸਾਲਾਂ ਸਿੱਖ ਸਰਦਾਰ ਹਰਮਨਦੀਪ ਸਿੰਘ ਇਟਲੀ ’ਚ ਟਰੇਨ ਚਾਲਕ ਬਣ ਗਿਆ ਹੈ, ਇਹ ਨੌਕਰੀ ਹਾਸਲ ਕਰ ਕੇ ਉਸ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਮਾਪਿਆਂ ਨੂੰ ਆਪਣੇ ਪੁੱਤ 'ਤੇ ਫਖਰ
ਹਰਮਨਦੀਪ ਸਿੰਘ ਦੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਖੁਸ਼ੀ ਪ੍ਰਗਟ ਕਰਦਿਆ ਦੱਸਿਆ ਕਿ ਉਹਨਾਂ ਦਾ ਪੁੱਤ ਪੜ੍ਹਾਈ ਵਿਚ ਪਹਿਲਾ ਤੋਂ ਹੁਸ਼ਿਆਰ ਸੀ। ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਭਾਰਟਾ ਕਲਾਂ ਦਾ ਜੰਮਪਲ ਹਰਮਨਦੀਪ ਸਿੰਘ ਕਰੀਬ 8 ਸਾਲ ਦੀ ਉਮਰ ਵਿਚ ਇਟਲੀ ਪਹੁੰਚਿਆ ਸੀ। ਜੋ ਕਿ ਜ਼ਿਲ੍ਹਾ ਮਾਨਤੋਵਾ ਦੇ ਚੀਰੇਸੇ ਵਿਚ ਪਰਿਵਾਰ ਨਾਲ ਰਹਿੰਦਾ ਹੈ, ਜਿਸ ਨੇ ਮੁੱਢਲੀ ਪੜ੍ਹਾਈ ਮਾਨਤੋਵਾ ਤੋਂ ਕਰਦਿਆਂ ਵੇਰੋਨਾ ਤੋਂ ਟਰੇਨ ਦੇ ਚਾਲਕ ਲਈ ਕੋਰਸ ਕੀਤਾ ਸੀ। ਟੈਸਟ ਪਾਸ ਹੋਣ ਤੋਂ ਬਾਅਦ ਉਸਨੇ ਬੁਲਜਾਨੋ ਦੀ ਐਸ.ਏ.ਡੀ ਟਰਾਂਸਪੋਰਟ ਵਿੱਚ ਨੌਕਰੀ ਪ੍ਰਾਪਤ ਕੀਤੀ। ਜਿੱਥੇ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਨੌਜਵਾਨ ਹਰਮਨਦੀਪ ਸਿੰਘ ਨੇ ਟਰੇਨ ਚਾਲਕ ਦੀ ਨੌਕਰੀ ਪ੍ਰਾਪਤ ਕੀਤੀ। ਜੋ ਕਿ ਤਰੇਂਤੋ ਤੋਂ ਬਰੇਨਾਰੋ ਤੱਕ ਟਰੇਨ ਲੈ ਕੇ ਜਾਂਦਾ ਹੈ। ਮਾਪਿਆਂ ਨੇ ਮਾਣ ਨਾਲ ਕਿਹਾ ਕਿ ਉਹਨਾਂ ਦੇ ਪੁੱਤ ਨੇ ਵਿਦੇਸ਼ ਵਿਚ ਇਹ ਨੌਕਰੀ ਪ੍ਰਾਪਤ ਕਰ ਕੇ ਸਾਡਾ ਨਾਂ ਉੱਚਾ ਕੀਤਾ ਹੈ।