ਚੰਡੀਗੜ੍ਹ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਿਸ਼ਨ ਰੋਜ਼ਗਾਰ ਤਹਿਤ 293 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸੀ ਐਮ ਮਾਨ ਨੇ ਕਿਹਾ ਕਿ 'ਆਪ' ਸਰਕਾਰ ਨੇ ਹੁਣ ਤੱਕ 44974 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਮੈਨੂੰ ਖੁਸ਼ੀ ਹੈ ਕਿ ਸਾਧਾਰਨ ਪਰਿਵਾਰਾਂ ਦੇ ਧੀਆਂ-ਪੁੱਤਰ ਜਿਨ੍ਹਾਂ ਨੇ ਸਰਕਾਰੀ ਨੌਕਰੀ ਦੀ ਆਸ ਛੱਡ ਦਿੱਤੀ ਸੀ, ਉਨ੍ਹਾਂ ਨੂੰ ਰਿਸ਼ਵਤ ਅਤੇ ਸਿਫ਼ਾਰਸ਼ਾਂ ਤੋਂ ਬਿਨਾਂ ਸਰਕਾਰੀ ਨੌਕਰੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰੁਝਾਨ ਇਸੇ ਤਰ੍ਹਾਂ ਜਾਰੀ ਰਹੇਗਾ।
ਸੀ.ਐਮ ਮਾਨ ਦੇ ਨਿਯੁਕਤੀ ਪੱਤਰ ਵੰਡਣ ਦਾ ਇਹ ਪ੍ਰੋਗਰਾਮ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ। ਸੀ ਐਮ ਮਾਨ ਦੇ ਨਾਲ ਸਿਹਤ ਮੰਤਰੀ ਡਾ . ਬਲਬੀਰ ਸਿੰਘ ਵੀ ਪਹੁੰਚੇ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸੀਐਮ ਨੇ ਸਾਰੇ ਨੌਜਵਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਨਿਅਤ ਸਾਫ਼ ਹੈ, ਅੱਜ ਅਸੀਂ ਆਪ ਹੀ ਨੌਜਵਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਰਕਾਰੀ ਨੌਕਰੀਆਂ ਦੇ ਰਹੇ ਹਾਂ।
ਹੁਣ ਤੱਕ 16 ਟੋਲ ਪਲਾਜ਼ਾ ਬੰਦ
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ 16 ਟੋਲ ਪਲਾਜ਼ੇ ਬੰਦ ਹੋ ਚੁੱਕੇ ਹਨ, ਜਿਸ ਤੋਂ ਬਾਅਦ ਪੰਜਾਬੀਆਂ ਦੀ ਰੋਜ਼ਾਨਾ 61 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ।
ਮੁਹੱਲਾ ਕਲੀਨਿਕਾਂ 'ਚ 2 ਕਰੋੜ ਮਰੀਜ਼ ਇਲਾਜ ਕਰਵਾ ਚੁੱਕੇ ਹਨ
ਸੀਐਮ ਮਾਨ ਨੇ ਕਿਹਾ ਕਿ ਸਿਹਤ ਵਿਭਾਗ ਇੱਕ ਅਹਿਮ ਵਿਭਾਗ ਹੈ। ਮੁਹੱਲਾ ਕਲੀਨਿਕਾਂ ਵਿੱਚ 2 ਕਰੋੜ ਮਰੀਜ਼ ਇਲਾਜ ਕਰਵਾ ਚੁੱਕੇ ਹਨ। ਜਿਸ ਦਾ ਡਾਟਾ ਉਨ੍ਹਾਂ ਦੇ ਸਿਹਤ ਵਿਭਾਗ ਕੋਲ ਹੈ। ਇਸ ਦਾ ਸਮੇਂ-ਸਮੇਂ 'ਤੇ ਮੁਲਾਂਕਣ ਕੀਤਾ ਜਾਂਦਾ ਹੈ। ਇਸ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਖੇਤਰ ਵਿੱਚ ਕਿਹੜੀ ਬੀਮਾਰੀ ਵੱਧ ਰਹੀ ਹੈ ਤਾਂ ਜੋ ਅਸੀਂ ਉਸ ਖੇਤਰ ਵਿੱਚ ਉਸ ਬੀਮਾਰੀ ਨੂੰ ਕਾਬੂ ਕਰਨ ਲਈ ਢੁਕਵੇਂ ਕਦਮ ਚੁੱਕ ਸਕੀਏ।
ਜਲਦੀ ਹੀ 30 ਮੁਹੱਲਾ ਕਲੀਨਿਕ ਸ਼ੁਰੂ ਹੋਣਗੇ
ਪੰਜਾਬ ਵਿੱਚ ਹੁਣ ਤੱਕ 829 ਮੁਹੱਲਾ ਕਲੀਨਿਕ ਚੱਲ ਰਹੇ ਹਨ ਤੇ 30 ਹੋਰ ਮੁਹੱਲਾ ਕਲੀਨਿਕ ਜਲਦੀ ਹੀ ਸ਼ੁਰੂ ਕੀਤੇ ਜਾਣਗੇ।