ਰਾਜਸਥਾਨ ਪੁਲਸ ਨੇ ਪੰਜਾਬ ਪੁਲਸ ਦੇ 10 ਮੁਲਾਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਹ ਸਾਰੇ ਪੁਲਸ ਮੁਲਾਜ਼ਮ ਲੁਧਿਆਣਾ ਵਿੱਚ ਡਿਊਟੀ ਕਰ ਰਹੇ ਹਨ। ਇਨ੍ਹਾਂ ਪੁਲਸ ਮੁਲਾਜ਼ਮਾਂ 'ਤੇ ਅਗਵਾ, ਫਿਰੌਤੀ, ਜਬਰਨ ਵਸੂਲੀ, ਜਾਅਲਸਾਜ਼ੀ, ਅਪਰਾਧਿਕ ਸਾਜ਼ਿਸ਼ ਰਚਣ ਅਤੇ ਝੂਠੇ ਸਬੂਤ ਪੇਸ਼ ਕਰਨ ਦੇ ਦੋਸ਼ ਹਨ।
ਨਸ਼ਾ ਤਸਕਰੀ ਦੇ ਝੂਠੇ ਕੇਸ ਵਿੱਚ ਵਿਅਕਤੀ ਨੂੰ ਫੜਿਆ
ਜੋਧਪੁਰ ਪੁਲਸ ਦਾ ਕਹਿਣਾ ਹੈ ਕਿ ਲੁਧਿਆਣਾ ਸਿਟੀ ਪੁਲਸ ਨੇ ਜੋਧਪੁਰ ਤੋਂ ਇੱਕ ਵਿਅਕਤੀ ਨੂੰ ਅਗਵਾ ਕੀਤਾ ਹੈ। ਉਸ ਕੋਲੋਂ 2 ਕਿਲੋ ਅਫੀਮ ਬਰਾਮਦ ਹੋਣ ਦਾ ਦਾਅਵਾ ਕਰ ਕੇ ਉਸ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸ ਵਿੱਚ ਫਸਾਇਆ ਗਿਆ, ਜਿਸ ਤੋਂ ਬਾਅਦ ਉਹ ਉਸ ਨੂੰ ਆਪਣੇ ਨਾਲ ਲੈ ਗਈ।
ਪੰਜਾਬ ਪੁਲਸ ਨੇ 15 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ
ਸ਼ਿਕਾਇਤਕਰਤਾ ਨੇ ਜੋਧਪੁਰ ਪੁਲਸ ਨੂੰ ਦੱਸਿਆ ਕਿ ਲੁਧਿਆਣਾ ਪੁਲਸ ਨੌਜਵਾਨ ਮਨਵੀਰ ਨੂੰ ਝਾਂਵਰ ਇਲਾਕੇ ਵਿੱਚੋਂ ਚੁੱਕ ਕੇ ਲੈ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਰਿਹਾਅ ਕਰਨ ਲਈ 15 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਹੈ। ਉਨ੍ਹਾਂ ਨੇ ਉਸ ਨੂੰ ਫਸਾਉਣ ਲਈ ਝੂਠੇ ਸਬੂਤ ਵੀ ਪੇਸ਼ ਕੀਤੇ ਹਨ।
ਟੋਲ ਪਲਾਜ਼ਾ ਦੇ ਸੀ.ਸੀ.ਟੀ.ਵੀ ਤੋਂ ਹੋਇਆ ਖੁਲਾਸਾ
ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤਰ ਨੂੰ ਲੱਭਣ ਲਈ ਵੱਖ-ਵੱਖ ਟੋਲ ਪਲਾਜ਼ਿਆਂ ਦੇ ਸੀਸੀਟੀਵੀ ਫੁਟੇਜ ਚੈੱਕ ਕੀਤੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬੇਟੇ ਮਨਵੀਰ ਨੂੰ ਪੁਲਸ ਦੀ ਕਾਰ 'ਚ ਬੈਠੇ ਦੇਖਿਆ, ਜਿਸ ਨੂੰ ਉਹ ਰਾਜਸਥਾਨ ਤੋਂ ਪੰਜਾਬ ਲੈ ਕੇ ਜਾ ਰਹੇ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਲੁਧਿਆਣਾ ਪੁਲਸ ਨੇ ਉਸ ਨੂੰ ਨਸ਼ਾ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਕਰ ਕੇ ਉਸ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ ਹੈ। ਲੁਧਿਆਣਾ ਪੁਲਸ ਨੇ ਉਸ ਨੂੰ ਡਾਬਾ ਰੋਡ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਨ੍ਹਾ ਪੁਲਸ ਮੁਲਾਜ਼ਮਾਂ ਖ਼ਿਲਾਫ਼ ਐਫ.ਆਈ.ਆਰ
ਇੰਦਰਜੀਤ ਸਿੰਘ, ਏਐਸਆਈ ਸੁਬੇਗ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਮਨਿੰਦਰ ਸਿੰਘ, ਗੁਰਪਿੰਦਰ ਸਿੰਘ, ਸੁਖਦੀਪ ਸਿੰਘ, ਬਸੰਤ ਲਾਲ, ਧਨਵੰਤ ਸਿੰਘ, ਹਰਪ੍ਰੀਤ ਕੌਰ, ਸਤਨਾਮ ਸਿੰਘ, ਰਾਜ ਕੁਮਾਰ ਅਤੇ ਹੋਰਾਂ ਖ਼ਿਲਾਫ਼ ਰਾਜਸਥਾਨ ਦੇ ਜੋਧਪੁਰ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।