ਜਲੰਧਰ 'ਚ ਲੁੱਟ-ਖੋਹ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਤਰ੍ਹਾਂ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸੀ ਐਮ ਹਾਊਸ ਤੋਂ 200 ਮੀਟਰ ਦੀ ਦੂਰੀ 'ਤੇ ਬੇਖੌਫ ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਬਾਈਕ ਸਵਾਰ ਲੁਟੇਰਿਆਂ ਨੇ ਨੌਜਵਾਨ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਤੋਂ ਦੋ ਫ਼ੋਨ ਖੋਹ ਕੇ ਫ਼ਰਾਰ ਹੋ ਗਏ।
ਕਾਰ ਨਾਲ ਕੀਤਾ ਪਿੱਛਾ, 1 ਲੁਟੇਰਾ ਕਾਬੂ
ਇਸੇ ਦੌਰਾਨ ਨੌਜਵਾਨ ਵੱਲੋਂ ਰੌਲਾ ਪਾਉਣ 'ਤੇ ਕਾਰ ਸਵਾਰ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰੀ, ਜਿਸ ਕਾਰਣ ਉਹ ਡਿੱਗ ਗਏ, ਜਿਸ ਤੋਂ ਬਾਅਦ ਕਾਰ ਚਾਲਕ ਨੇ ਲੋਕਾਂ ਦੀ ਮਦਦ ਨਾਲ ਇੱਕ ਲੁਟੇਰੇ ਨੂੰ ਨਾਮਦੇਵ ਚੌਕ ਨੇੜਿਓਂ ਕਾਬੂ ਕਰ ਲਿਆ। ਜਦਕਿ ਦੋ ਲੁਟੇਰੇ ਬਾਈਕ ਛੱਡ ਕੇ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਏ।
ਪੁਲਸ ਨੇ ਮੁਲਜ਼ਮਾਂ ਕੋਲੋਂ ਹਥਿਆਰ ਬਰਾਮਦ ਕੀਤੇ
ਲੋਕਾਂ ਨੇ ਲੁਟੇਰੇ ਦੀ ਛਿੱਤਰ ਪਰੇਡ ਕੀਤੀ, ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਥਾਣਾ 4 ਦੀ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲੁਟੇਰੇ ਨੂੰ ਕਾਬੂ ਕਰ ਲਿਆ ਅਤੇ ਤੇਜ਼ਧਾਰ ਹਥਿਆਰ ਅਤੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਰਾਹੁਲ, ਰਜਤ ਅਤੇ ਇੱਕ ਹੋਰ ਵਾਸੀ ਬੂਟਾ ਮੰਡੀ ਵਜੋਂ ਹੋਈ ਹੈ।
ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਬੀਐਮਸੀ ਚੌਕ ਵੱਲ ਜਾ ਰਿਹਾ ਸੀ। ਇਸ ਦੌਰਾਨ ਕਾਲੇ ਰੰਗ ਦੀ ਸਪਲੈਂਡਰ ਬਾਈਕ 'ਤੇ ਤਿੰਨ ਲੁਟੇਰੇ ਆਏ ਅਤੇ ਪਿੱਛੇ ਬੈਠੇ ਮੁਲਜ਼ਮ ਦੇ ਹੱਥ 'ਚ ਦਾਤ ਸੀ, ਜਿਸ ਨੇ ਉਸ ਦੇ ਸਿਰ 'ਤੇ ਵਾਰ ਕੀਤਾ। ਇਸ ਤੋਂ ਬਾਅਦ ਲੁਟੇਰੇ ਫੋਨ ਖੋਹ ਕੇ ਫਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਮੁਲਜ਼ਮ ਬੂਟਾ ਮੰਡੀ ਦੇ ਰਹਿਣ ਵਾਲੇ ਹਨ।