ਪਠਾਨਕੋਟ 'ਚ ਕਾਰ ਸਵਾਰ ਬਦਮਾਸ਼ਾਂ ਨੇ ਵਪਾਰੀ ਦੇ 6 ਸਾਲ ਦੇ ਬੱਚੇ ਨੂੰ ਕੱਲ੍ਹ ਦੁਪਹਿਰ ਸਕੂਲ ਤੋਂ ਆਉਂਦੇ ਸਮੇਂ ਕਿਡਨੈਪ ਕਰ ਲਿਆ | ਕਾਰੋਬਾਰੀ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। 7 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਬੱਚਿਆਂ ਨੂੰ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਨੇੜੇ ਔਦੀਂ ਤੋਂ ਸੁਰੱਖਿਅਤ ਬਰਾਮਦ ਕਰ ਲਿਆ। ਮੁਲਜ਼ਮ ਬੱਚੇ ਨੂੰ ਕਾਰ ਵਿੱਚ ਛੱਡ ਕੇ ਮੌਕੇ 'ਤੇ ਫਰਾਰ ਹੋ ਗਏ।
ਦੱਸਦੇ ਚਲੀਏ ਕਿ ਬਦਮਾਸ਼ ਆਪਣੇ ਵੱਲੋਂ ਇੱਕ ਚਿੱਠੀ ਵੀ ਘਰ ਦੇ ਬਾਹਰ ਸੁੱਟ ਕੇ ਗਏ ਸੀ ਜੋ ਕਿ ਬੱਚੇ ਦੀ ਭੈਣ ਨੇ ਚੁੱਕ ਕੇ ਆਪਣੇ ਘਰ ਦਿੱਤੀ, ਜਿਸ ਵਿੱਚ ਦੋ ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ ਅਤੇ ਪੁਲਿਸ ਨੂੰ ਦੱਸਣ 'ਤੇ ਅੰਜਾਮ ਭੁਗਤਣ ਦੀ ਗੱਲ ਕਹੀ ਗਈ ਸੀ। ਜਦ ਇਹ ਮਾਮਲਾ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ਹਿਰ ਦੇ ਹਰ ਪਾਸੇ ਨਾਕੇਬੰਦੀ ਕਰ ਦਿੱਤੀ |
ਮੁਲਜ਼ਮ ਬੱਚੇ ਨੂੰ ਕਾਰ ਵਿੱਚ ਛੱਡ ਹੋਏ ਫਰਾਰ
ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਖ਼ੁਦ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਚੌਕਸੀ ਜਾਰੀ ਕਰ ਕੇ ਚੈਕਿੰਗ ਪੁਆਇੰਟਾਂ 'ਤੇ ਪੁਲਸ ਟੀਮ ਨੂੰ ਚੌਕਸ ਕਰ ਦਿੱਤਾ। ਕਿਡਨੈਪਰ ਚੱਕੀ ਨਦੀ ਵੱਲ ਭੱਜ ਗਏ। ਪੁਲਸ ਨੇ ਹਿਮਾਚਲ ਪੁਲਸ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਪਿੱਛਾ ਕੀਤਾ।
ਰਾਤ ਨੂੰ ਹੀ ਹਿਮਾਚਲ ਦੇ ਡੀਜੀਪੀ ਨੇ ਸਾਰੇ ਥਾਣਿਆਂ ਨੂੰ ਕਿਡਨੈਪ ਦੀ ਸੂਚਨਾ ਭੇਜ ਕੇ ਅਲਰਟ ਜਾਰੀ ਕਰ ਦਿੱਤਾ ਸੀ। ਆਖ਼ਰਕਾਰ ਮੁਲਜ਼ਮ ਬੱਚੇ ਨੂੰ ਨੂਰਪੁਰ ਤੋਂ ਔਂਦੀ ਰੋਡ ’ਤੇ ਇੱਕ ਪੁਲੀ ਕੋਲ ਕਾਰ ਵਿੱਚ ਛੱਡ ਕੇ ਭੱਜ ਗਏ। ਪੁਲਸ ਨੇ ਰਾਤ 10:30 ਵਜੇ ਬੱਚੇ ਨੂੰ ਬਰਾਮਦ ਕਰ ਲਿਆ ਅਤੇ 12 ਵਜੇ ਉਸ ਨੂੰ ਸੁਰੱਖਿਅਤ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ।