ਸ਼ੰਭੂ ਸਰਹੱਦ 'ਤੇ ਚੱਲ ਰਹੇ ਅੰਦੋਲਨ ਦੌਰਾਨ ਇੱਕ ਕਿਸਾਨ ਨੇ ਸਲਫਾਸ ਨਿਗਲ ਲਿਆ। ਕਿਸਾਨ, ਰੇਸ਼ਮ ਸਿੰਘ (55), ਤਰਨਤਾਰਨ ਜ਼ਿਲ੍ਹੇ ਦੇ ਪਹੂਵਿੰਡ ਦਾ ਰਹਿਣ ਵਾਲਾ ਹੈ। ਕਿਸਾਨ ਆਗੂ ਤੇਜਬੀਰ ਸਿੰਘ ਨੇ ਕਿਹਾ ਕਿ ਰੇਸ਼ਮ ਸਿੰਘ ਇਸ ਗੱਲੋਂ ਨਾਰਾਜ਼ ਸਨ ਕਿ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ 11 ਮਹੀਨਿਆਂ ਤੋਂ ਅੰਦੋਲਨ ਦੇ ਬਾਵਜੂਦ ਸਰਕਾਰ ਨੇ ਮਸਲਾ ਹੱਲ ਨਹੀਂ ਕੀਤਾ। ਇਸ ਵੇਲੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ |
ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਨੇ ਸਵੇਰੇ ਲੰਗਰ ਵਾਲੀ ਥਾਂ ਦੇ ਨੇੜੇ ਸਲਫਾਸ ਖਾਧਾ। ਜਿਵੇਂ ਹੀ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ, ਉਨ੍ਹਾਂ ਨੂੰ ਤੁਰੰਤ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਬਾਅਦ ਉਹ ਤੁਰੰਤ ਉਸਦੇ ਨਾਲ ਹਸਪਤਾਲ ਲਈ ਰਵਾਨਾ ਹੋ ਗਏ।
ਇਸ ਤੋਂ ਪਹਿਲਾਂ ਵੀ 14 ਦਸੰਬਰ ਨੂੰ ਕਿਸਾਨ ਰਣਜੋਧ ਸਿੰਘ ਨੇ ਸਲਫਾਸ ਨਿਗਲ ਲਿਆ ਸੀ। ਉਸ ਦਿਨ ਉਹ ਗੁੱਸੇ 'ਚ ਸੀ ਕਿਉਂਕਿ ਉਸਨੂੰ ਦਿੱਲੀ ਵੱਲ ਮਾਰਚ ਕਰਨ ਦੀ ਇਜਾਜ਼ਤ ਨਹੀਂ ਸੀ। ਲਗਭਗ 4 ਦਿਨਾਂ ਬਾਅਦ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ ਸੀ ।
ਟਰੈਕਟਰ ਮਾਰਚ ਕੱਢਣ ਦਾ ਕੀਤਾ ਐਲਾਨ
ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਦਾ ਅੱਜ 45ਵਾਂ ਦਿਨ ਹੈ| ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ | ਉਹ ਕਿਸੇ ਨਾਲ ਗੱਲ ਵੀ ਨਹੀਂ ਕਰ ਪਾ ਰਹੇ। ਉਨ੍ਹਾਂ ਨੇ ਕਿਸੇ ਨਾਲ ਵਿ ਮੁਲਾਕਾਤ ਕਰਨ ਨੂੰ ਮਨ੍ਹਾਂ ਕਰ ਦਿੱਤਾ ਹੈ |
ਕਿਸਾਨ ਆਗੂਆਂ ਨੇ ਫੈਸਲਾ ਕੀਤਾ ਹੈ ਕਿ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਸਬੰਧੀ ਯੋਜਨਾ ਆਉਣ ਵਾਲੇ ਦਿਨਾਂ 'ਚ ਜਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 13 ਜਨਵਰੀ ਨੂੰ ਦੇਸ਼ ਭਰ ਵਿੱਚ ਨਵੀਂ ਖੇਤੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।