ਜਲੰਧਰ ਦੇ ਲੋਕਾਂ ਦੀ ਮੇਅਰ ਲਈ ਉਡੀਕ ਹੁਣ ਖਤਮ ਹੋਣ ਵਾਲੀ ਹੈ। ਪਟਿਆਲਾ ਨਗਰ ਨਿਗਮ ਤੋਂ ਬਾਅਦ ਆਮ ਆਦਮੀ ਪਾਰਟੀ ਅੱਜ ਜਲੰਧਰ 'ਚ ਆਪਣਾ ਮੇਅਰ ਬਣਾਉਣ ਜਾ ਰਹੀ ਹੈ | ਜਿਸ ਲਈ ਅੱਜ 11 ਜਨਵਰੀ ਨੂੰ ਦੁਪਹਿਰ 3 ਵਜੇ ਸਥਾਨਕ ਰੈੱਡ ਕਰਾਸ ਇਮਾਰਤ ਵਿਖੇ ਕੌਂਸਲਰ ਹਾਊਸ ਦੀ ਮੀਟਿੰਗ ਬੁਲਾਈ ਗਈ ਹੈ।
ਇਹ ਸਮਾਗਮ ਦੁਪਹਿਰ 3 ਵਜੇ ਹੋਵੇਗਾ ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਵੀ ਚੁਕਾਈ ਜਾਵੇਗੀ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਪੱਤਰ ਜਾਰੀ ਕੀਤਾ ਸੀ ਅਤੇ ਨਗਰ ਨਿਗਮ ਪ੍ਰਸ਼ਾਸਨ ਨੇ ਮੀਟਿੰਗ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ |
21 ਦਸੰਬਰ ਨੂੰ ਹੋਈਆਂ ਸਨ ਚੋਣਾਂ
ਦੱਸ ਦੇਈਏ ਕਿ ਵਾਰਡ 85 ਦੀ ਕੌਂਸਲਰ ਦਵਿੰਦਰ ਪਾਲ ਕੌਰ ਸੋਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਬੀਤੇ ਦਿਨ ਵਾਰਡ ਨੰਬਰ 17 ਦੀ ਕੌਂਸਲਰ ਸੱਤਿਆ ਦੇਵੀ ਭਾਜਪਾ ਛੱਡ ਕੇ 'ਆਪ' ਵਿੱਚ ਸ਼ਾਮਲ ਹੋ ਗਈ। ਉਨ੍ਹਾਂ ਦੇ ਪਤੀ ਅਤੇ ਸਾਬਕਾ ਕੌਂਸਲਰ ਕ੍ਰਿਪਾਲ ਸਿੰਘ ਪਾਲੀ ਵੀ 'ਆਪ' ਵਿੱਚ ਸ਼ਾਮਲ ਹੋ ਗਏ। ਹੁਣ ਤੱਕ ਭਾਜਪਾ ਦੇ ਚਾਰ, ਕਾਂਗਰਸ ਦੇ ਦੋ ਅਤੇ ਦੋ ਆਜ਼ਾਦ ਕੌਂਸਲਰ 'ਆਪ' ਵਿੱਚ ਸ਼ਾਮਲ ਹੋ ਚੁੱਕੇ ਹਨ। 21 ਦਸੰਬਰ ਨੂੰ ਐਲਾਨੇ ਗਏ ਨਤੀਜਿਆਂ ਵਿੱਚ, 'ਆਪ' ਨੂੰ 38 ਕੌਂਸਲਰ ਮਿਲੇ ਸਨ, ਜਦੋਂ ਕਿ ਕਾਂਗਰਸ ਨੂੰ 25, ਭਾਜਪਾ ਨੂੰ 19, ਬਸਪਾ ਨੂੰ ਇੱਕ ਅਤੇ ਦੋ ਆਜ਼ਾਦ ਕੌਂਸਲਰ ਜਿੱਤੇ ਸਨ। ਪਾਰਟੀ ਨੇ ਹੋਰਨਾਂ ਪਾਰਟੀਆਂ ਦੇ ਕੌਂਸਲਰਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਅਤੇ ਬਹੁਮਤ ਦੇ ਅੰਕੜੇ ਹਾਸਲ ਕਰ ਲਏ ਹਨ। ਦੱਸ ਦੇਈਏ ਕਿ ਜਲੰਧਰ ਣਗੇ ਨਿਗਮ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ |