ਦਿੱਲੀ ਦੀ ਤਿਹਾੜ ਜੇਲ 'ਚ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਇਕ ਕੈਦੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਹਮਲਾ ਕਰ ਦਿੱਤਾ। ਚਾਕੂ ਦੇ ਹਮਲੇ ਕਾਰਨ ਦੋ ਕੈਦੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਤਿਹਾੜ 'ਚ ਬੰਦ ਲਵਲੀ ਅਤੇ ਲਵਿਸ਼ ਨਾਂ ਦੇ ਕੈਦੀਆਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਹ ਹਮਲਾ ਕੈਦੀ ਲੋਕੇਸ਼ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਕੀਤਾ। ਹਮਲੇ 'ਚ ਲਵਲੀ ਅਤੇ ਲਵੀਸ਼ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਲੋਕੇਸ਼ ਨੇ ਇਹ ਹਮਲਾ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਸੀ।
ਦੋਸਤਾਂ ਨਾਲ ਮਿਲ ਕੇ ਬਣਾਇਆ ਹਮਲੇ ਦਾ ਪਲੈਨ
ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਕੈਦੀਆਂ ਲਵਲੀ ਅਤੇ ਲਵਿਸ਼ ਨੇ ਸਾਲ 2020 ਵਿੱਚ ਵਿਨੈ ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਇਹ ਲੋਕ ਇਸ ਮਾਮਲੇ ਵਿੱਚ ਤਿਹਾੜ ਵਿੱਚ ਬੰਦ ਹਨ। ਬਾਅਦ ਵਿੱਚ ਵਿਨੈ ਦੇ ਭਰਾ ਲੋਕੇਸ਼ ਨੂੰ ਵੀ ਇੱਕ ਮਾਮਲੇ ਵਿੱਚ ਤਿਹਾੜ ਵਿੱਚ ਬੰਦ ਕੀਤਾ ਗਿਆ। ਇਸ ਦੌਰਾਨ ਲੋਕੇਸ਼ ਨੇ ਆਪਣੇ ਦੋਸਤਾਂ ਅਭਿਸ਼ੇਕ ਅਤੇ ਹਿਮਾਂਸ਼ੂ ਨਾਲ ਮਿਲ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਦੀ ਯੋਜਨਾ ਬਣਾਈ। ਤਿੰਨਾਂ ਨੇ ਲੋਕੇਸ਼ ਅਤੇ ਲਵਿਸ਼ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਦੋਵੇਂ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪਹਿਲਾਂ ਵੀ ਭਿੜ ਚੁੱਕੇ ਹਨ ਕੈਦੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਤਿਹਾੜ ਜੇਲ੍ਹ ਦੀ ਜੇਲ੍ਹ ਨੰਬਰ 3 ਵਿੱਚ ਕੈਦੀਆਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ ਸਨ। ਉਨ੍ਹਾਂ ਨੇ ਇਕ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਚਾਰ ਕੈਦੀ ਜ਼ਖ਼ਮੀ ਹੋ ਗਏ ਸਨ।