ਲੁਧਿਆਣਾ ਦੇ ਭਾਮੀਆ ਰੋਡ ਨੇੜੇ ਚੌਪਾਟੀ 'ਚ ਫਾਸਟ ਫੂਡ ਦੀ 3 ਰੇਹੜੀਆਂ 'ਤੇ ਰਾਤ ਸਮੇਂ ਅੱਗ ਲੱਗ ਗਈ। ਇਸ ਦੇ ਨਾਲ ਹੀ ਰੇਹੜੀਆਂ 'ਚ ਰੱਖੇ ਦੋ LPG ਸਿਲੰਡਰ ਵੀ ਬਲਾਸਟ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਚੌਪਾਟੀ 'ਚ ਰੇਹੜੀ ਚਲਾਉਣ ਵਾਲੇ ਇੱਕ ਵਿਅਕਤੀ ਨੇ ਆਪਣੇ ਗੁਆਂਢੀਆਂ ਦੇ ਰੇਹੜੀਆਂ ਨੂੰ ਅੱਗ ਲਗਾ ਦਿੱਤੀ ਹੈ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਦਿੰਦੇ ਹੋਏ ਸਿਮਰਨ ਨੇ ਦੱਸਿਆ ਕਿ ਬ੍ਰਦਰਜ਼ ਫੂਡ ਪੁਆਇੰਟ ਦੇ ਨਾਂ 'ਤੇ ਉਨ੍ਹਾਂ ਦੀਆਂ ਰੇਹੜੀਆਂ ਚੌਪਾਟੀ 'ਚ ਲੱਗਦੀਆਂ ਹਨ । ਉਨ੍ਹਾਂ ਦੇ ਨਾਲ ਹੀ ਫੂਡ ਪੁਆਇੰਟ ਨਾਮ ਵਾਲੀ ਰੇਹੜੀ ਲੱਗਦੀ ਹੈ। ਉਸ ਰੇਹੜੀ ਨੂੰ ਇੱਕ ਔਰਤ ਅਤੇ ਉਸਦਾ ਬੱਚਾ ਚਲਾਉਂਦਾ ਹੈ। ਉਸ ਔਰਤ ਦਾ ਪਤੀ ਅਕਸਰ ਸ਼ਰਾਬ ਪੀ ਕੇ ਚੌਪਾਟੀ 'ਚ ਹੰਗਾਮਾ ਕਰਦਾ ਰਹਿੰਦਾ ਹੈ।
ਸ਼ਰਾਬ ਦੇ ਨਸ਼ੇ 'ਚ ਕੱਢੀਆਂ ਗਾਲ੍ਹਾਂ
ਦੇਰ ਰਾਤ ਵੀ ਉਸ ਵਿਅਕਤੀ ਨੇ ਚੌਪਾਟੀ 'ਤੇ ਆਈਆਂ ਕੁਝ ਔਰਤਾਂ ਦੇ ਸਾਹਮਣੇ ਸ਼ਰਾਬ ਦੇ ਨਸ਼ੇ 'ਚ ਗਾਲ੍ਹਾਂ ਕੱਢੀਆਂ । ਜਦੋਂ ਉਸ ਨੂੰ ਰੋਕਿਆ ਗਿਆ ਤਾਂ ਗੁੱਸੇ ਵਿੱਚ ਆਏ ਵਿਅਕਤੀ ਨੇ ਹੰਗਾਮਾ ਕਰ ਦਿੱਤਾ। ਸਿਮਰਨ ਨੇ ਦੱਸਿਆ ਕਿ ਰਾਤ ਸਮੇਂ ਹੰਗਾਮਾ ਹੋਣ ਕਾਰਨ ਉਹ ਰੇਹੜੀ ਤੋਂ ਸਿਲੰਡਰ 'ਤੇ ਹੋਰ ਸਾਮਾਨ ਘਰ ਨਹੀਂ ਲੈ ਜਾ ਸਕਿਆ।
ਨਿਊਜ਼ਪੇਪਰ ਸਪਲਾਇਰ ਨੇ ਫੋਨ 'ਤੇ ਦਿੱਤੀ ਜਾਣਕਾਰੀ
ਉਹ ਪੁਲਿਸ ਸਟੇਸ਼ਨ 'ਚ ਉਸ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਗਿਆ। ਚੌਪਾਟੀ ਕੋਲੋਂ ਲੰਘਦੇ ਸਮੇਂ ਰਾਤ ਕਰੀਬ 3 ਵਜੇ ਉਸੇ ਨਿਊਜ਼ਪੇਪਰ ਸਪਲਾਇਰ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਉਨ੍ਹਾਂ ਦੀ ਰੇਹੜੀਆਂ ਨੂੰ ਅੱਗ ਲੱਗੀ ਹੋਈ ਹੈ। ਸਿਮਰਨ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਤਿੰਨੋਂ ਰੇਹੜੀਆਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਰੇਹੜੀਆਂ 'ਚ ਰੱਖੇ 2 ਸਿਲੰਡਰ ਵੀ ਬਲਾਸਟ ਕਾਰਨ ਫੱਟ ਚੁੱਕੇ ਸਨ ।
ਪੁਲਿਸ ਕਰ ਰਹੀ ਹੈ ਜਾਂਚ
ਜਾਣਕਾਰੀ ਅਨੁਸਾਰ ਪੁਲਿਸ ਨੇ ਰੇਹੜੀ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੇ ਘਰ ਵੀ ਪੁਲਿਸ ਨੇ ਛਾਪਾਮਾਰੀ ਵੀ ਕੀਤੀ ਪਰ ਉਹ ਅਜੇ ਤੱਕ ਫਰਾਰ ਹੈ। ਸਿਮਰਨ ਅਨੁਸਾਰ ਉਸ ਦਾ 1 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਸਰਬਜੀਤ ਲਵੀ ਨਾਂ ਦੇ ਨੌਜਵਾਨ ਦੀ ਸਿਮਰਨ ਅਤੇ ਉਸਦੇ ਭਰਾ ਨਾਲ ਝਗੜਾ ਹੋ ਗਿਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸਰਬਜੀਤ ਨੇ ਰੰਜਿਸ਼ ਦੇ ਚੱਲਦਿਆਂ ਰਾਤ 3 ਵਜੇ ਰੇਹੜੀਆਂ ਨੂੰ ਅੱਗ ਲਗਾ ਦਿੱਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।