ਸ੍ਰੀ ਫਤਹਿਗੜ੍ਹ ਸਾਹਿਬ 'ਚ ਪੁਲਸ ਨੇ 2 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਸ਼ੂਟਰ ਫਾਜ਼ਿਲਕਾ ਦੇ ਵਸਨੀਕ ਹਨ ਅਤੇ ਉਨ੍ਹਾਂ ਦਾ ਅਪਰਾਧਿਕ ਰਿਕਾਰਡ ਵੀ ਹੈ। ਦੋਵੇਂ ਲੁਧਿਆਣਾ ਵਿੱਚ ਵੱਡੀ ਟਾਰਗੇਟ ਕਿਲਿੰਗ ਦੀ ਯੋਜਨਾ ਬਣਾ ਰਹੇ ਸਨ, ਜਿਸ ਦੀ ਪਿਛਲੇ ਕਾਫੀ ਸਮੇਂ ਤੋਂ ਰੇਕੀ ਕੀਤੀ ਜਾ ਰਹੀ ਸੀ। ਪੁਲਸ ਨੇ ਇਨ੍ਹਾਂ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ। ਦੱਸ ਦੇਈਏ ਕਿ ਇਹ ਦੋਵੇਂ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਏ ਸਨ।
ਐਸ ਪੀ ਰਾਕੇਸ਼ ਯਾਦਵ ਦਾ ਕਹਿਣਾ ਹੈ ਕਿ ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਅਮਰਦੀਪ ਸਿੰਘ ਦੀ ਪੁਲਸ ਟੀਮ ਨੇ ਰਾਤ ਸਮੇਂ ਐਸਵਾਈਐਲ ਨਹਿਰ ਚੁੰਨੀ ਖੁਰਦ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਉਸੇ ਸਮੇਂ ਚੰਡੀਗੜ੍ਹ ਵੱਲੋਂ ਯੂ ਪੀ ਨੰਬਰ ਵਾਲੀ ਵੈਂਟੋ ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਲਜ਼ਮਾਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਬੈਰੀਕੇਡ ਲਗਾ ਕੇ ਕਾਰ ਨੂੰ ਰੋਕ ਲਿਆ ਗਿਆ।
ਅਮਰੀਕਾ ਦੀ ਪਿਸਤੌਲ ਬਰਾਮਦ
ਪੁਲਸ ਨੇ ਜਦੋਂ ਉਨ੍ਹਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਤਾਂ ਉਸ ਵਿੱਚ ਵਿਜੇ ਕੁਮਾਰ ਰਵੀ ਅਤੇ ਸਾਹਿਲ ਕੰਬੋਜ ਵਾਸੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਸਵਾਰ ਸਨ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ ਪਿਸਤੌਲ ਜੋ ਕਿ 32 ਬੋਰ USA ਬਰਾਮਦ ਹੋਇਆ ਅਤੇ ਮੈਗਜ਼ੀਨ ਦੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ, ਜਿਸ ਨੂੰ 1 ਲੱਖ 35 ਹਜ਼ਾਰ ਰੁਪਏ ਵਿੱਚ ਖਰੀਦਿਆ ਗਿਆ ਸੀ।
ਦੋਵਾਂ ਸ਼ੂਟਰਾਂ ਦਾ ਰਿਮਾਂਡ ਲਿਆ
ਐਸ ਪੀ ਰਾਕੇਸ਼ ਨੇ ਦੱਸਿਆ ਕਿ ਦੋਵਾਂ ਸ਼ੂਟਰਾਂ ਖ਼ਿਲਾਫ਼ ਥਾਣਾ ਬਡਾਲੀ ਆਲਾ ਸਿੰਘ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦਾ ਰਿਮਾਂਡ ਲਿਆ ਗਿਆ ਹੈ। ਰਿਮਾਂਡ ਵਿੱਚ ਖੁਲਾਸਾ ਹੋਇਆ ਹੈ ਕਿ ਸਚਿਨ ਵਾਸੀ ਕੁੰਡੇ (ਫਿਰੋਜ਼ਪੁਰ) ਤੋਂ ਇੱਕ ਪਿਸਤੌਲ 1 ਲੱਖ 35 ਹਜ਼ਾਰ ਰੁਪਏ ਵਿੱਚ ਖਰੀਦਿਆ ਗਿਆ ਸੀ।
ਫੋਨ 'ਚ ਰੇਕੀ ਦੀ ਵੀਡੀਓ ਵੀ ਮਿਲੀ
ਇਹ ਵੀ ਖੁਲਾਸਾ ਹੋਇਆ ਹੈ ਕਿ ਸਚਿਨ ਦਾ ਪਿਛਲਾ ਰਿਕਾਰਡ ਵੀ ਅਪਰਾਧਿਕ ਹੈ, ਜਿਸ ਦੇ ਖਿਲਾਫ ਕਈ ਮਾਮਲੇ ਦਰਜ ਹਨ। ਪੁਲਸ ਨੂੰ ਮੁਲਜ਼ਮ ਦੇ ਮੋਬਾਈਲ ਤੋਂ ਇੱਕ ਵੀਡੀਓ ਮਿਲੀ ਹੈ, ਜਿਸ ਵਿੱਚ ਲੁਧਿਆਣਾ ਦਿਹਾਤੀ ਨਾਲ ਸਬੰਧਤ ਇੱਕ ਵਿਅਕਤੀ ਦੀ ਰੇਕੀ ਕਰਨ ਦਾ ਜ਼ਿਕਰ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਦੋਸ਼ੀਆਂ ਉਤੇ ਕਈ ਮਾਮਲੇ ਦਰਜ
ਐਸ ਪੀ ਯਾਦਵ ਨੇ ਦੱਸਿਆ ਕਿ ਵਿਜੇ ਕੁਮਾਰ ਖ਼ਿਲਾਫ਼ ਲੁੱਟ-ਖੋਹ, ਆਰਮਜ਼ ਐਕਟ ਤੋਂ ਇਲਾਵਾ ਨਾਬਾਲਗ ਨਾਲ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਾਹਿਲ ਕੰਬੋਜ ਖ਼ਿਲਾਫ਼ ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਲੁੱਟ ਦੀ ਯੋਜਨਾ ਦੇ ਗੰਭੀਰ ਦੋਸ਼ਾਂ ਤਹਿਤ ਤਿੰਨ ਕੇਸ ਦਰਜ ਹਨ। ਸਚਿਨ ਖਿਲਾਫ ਕਤਲ, ਡਕੈਤੀ, ਡਕੈਤੀ ਦੀ ਯੋਜਨਾ ਅਤੇ ਆਰਮਜ਼ ਐਕਟ ਤਹਿਤ ਚਾਰ ਕੇਸ ਦਰਜ ਹਨ।