ਲੁਧਿਆਣਾ 'ਚ 2 ਸਾਲ ਦੀ ਮਾਸੂਮ ਬੱਚੀ ਦਿਲਰੋਜ਼ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਇਕ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਗੱਲ 2021 ਵਿੱਚ ਕੁਆਲਿਟੀ ਰੋਡ, ਸ਼ਿਮਲਾਪੁਰੀ, ਲੁਧਿਆਣਾ ਦੀ ਰਹਿਣ ਵਾਲੀ ਇੱਕ ਔਰਤ ਨੀਲਮ ਨੇ ਦੱਸੀ ਸੀ। ਮਹਿਲਾ ਮੁਲਜ਼ਮ ਨੇ ਲੜਕੀ ਨੂੰ ਜ਼ਮੀਨ ਵਿੱਚ ਜ਼ਿੰਦਾ ਦੱਬ ਦਿੱਤਾ ਸੀ ਤੇ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ ਸੀ।
ਦਾਦੇ ਦੇ ਬਿਆਨਾਂ 'ਤੇ ਮਾਮਲਾ ਦਰਜ
ਜਦੋਂ ਅਦਾਲਤ ਨੇ ਔਰਤ ਨੂੰ ਦੋਸ਼ੀ ਕਰਾਰ ਦਿੱਤਾ ਸੀ ਤਾਂ ਪਰਵਾਰਿਕ ਮੈਂਬਰਾ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਜਦਕਿ ਦੋਸ਼ੀ ਦੇ ਵਕੀਲ ਨੇ ਨਰਮੀ ਦੀ ਮੰਗ ਕੀਤੀ। ਪੀੜਤ ਲੜਕੀ ਦੇ ਦਾਦਾ ਸ਼ਮਿੰਦਰ ਸਿੰਘ ਦੇ ਬਿਆਨਾਂ ’ਤੇ 28 ਨਵੰਬਰ 2021 ਨੂੰ ਥਾਣਾ ਸ਼ਿਮਲਾਪੁਰੀ ਵਿਖੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਜਿੰਦਾ ਦਫ਼ਨਾਇਆ
ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਨੀਲਮ ਦੇ ਮਾੜੇ ਚਾਲ-ਚਲਣ ਕਾਰਨ ਉਸਦਾ ਲੜਕਾ ਆਪਣੀ ਪਤਨੀ ਨੂੰ ਨੀਲਮ ਨਾਲ ਮਿਲਣ ਤੋਂ ਰੋਕਦਾ ਸੀ , ਜਿਸ ਕਾਰਨ ਨੀਲਮ ਉਸਦੇ ਲੜਕੇ ਨਾਲ ਰੰਜਿਸ਼ ਰੱਖਣ ਲੱਗੀ ਅਤੇ ਬਦਲਾ ਲੈਣ ਦੀ ਨੀਅਤ ਨਾਲ ਉਸ ਨੇ ਗਲੀ 'ਚ ਖੇਡ ਰਹੀ ਉਸਦੀ ਪੋਤੀ 'ਤੇ ਹਮਲਾ ਕਰ ਦਿੱਤਾ। ਉਸ ਨੇ ਬੱਚੀ ਨੂੰ ਆਪਣੀ ਐਕਟਿਵਾ 'ਤੇ ਬਿਠਾ ਲਿਆ ਤੇ ਹੁਸੈਨਪੁਰਾ ਨੇੜੇ ਐਲਡੀਕੋ ਅਸਟੇਟ ਕੋਲ ਸੜਕ ਕਿਨਾਰੇ ਇਕ ਸੁੰਨਸਾਨ ਜਗ੍ਹਾ 'ਤੇ ਜ਼ਮੀਨ ਵਿਚ ਖੁਦਾਈ ਕਰਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ। ਜਿਸ ਕਾਰਨ ਮਾਸੂਮ ਬੱਚੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ।
ਬਾਅਦ 'ਚ ਔਰਤ ਨੂੰ ਵੀ ਮੌਕੇ 'ਤੇ ਫੜ ਲਿਆ ਗਿਆ। ਪਰਵਾਰਿਕ ਮੈਂਬਰਾ ਨੇ ਅਦਾਲਤ ਵਿੱਚ ਕਰੀਬ 26 ਗਵਾਹ ਪੇਸ਼ ਕੀਤੇ ਅਤੇ ਕੇਸ ਨੂੰ ਸਫ਼ਲਤਾਪੂਰਵਕ ਸਾਬਤ ਕੀਤਾ।