ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਧਮਕੀ ਦੇਣ ਵਾਲੇ ਨੂੰ ਮੁੰਬਈ ਪੁਲਿਸ ਨੇ ਫੜ ਲਿਆ ਹੈ। ਦੋਸ਼ੀ ਦੀ ਪਛਾਣ ਫਾਤਿਮਾ ਖਾਨ ਵਜੋਂ ਹੋਈ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਮੁੰਬਈ ਕੰਟਰੋਲ ਰੂਮ 'ਚ ਯੋਗੀ ਆਦਿੱਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਸ ਨੇ ਫਾਤਿਮਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
10 ਦਿਨਾਂ ਦੇ ਅੰਦਰ ਅਸਤੀਫਾ ਦੇਣ ਲਈ ਕਿਹਾ ਸੀ
ਧਮਕੀ ਦੇਣ ਵਾਲੀ ਫਾਤਿਮਾ ਨੇ ਮੁੰਬਈ ਪੁਲਿਸ ਕੰਟਰੋਲ ਰੂਮ ਦੇ ਫ਼ੋਨ ਨੰਬਰ 'ਤੇ ਧਮਕੀ ਦਿੱਤੀ ਸੀ। ਜਿਸ ਵਿੱਚ ਉਨ੍ਹਾਂ ਨੇ ਸੀਐਮ ਯੋਗੀ ਨੂੰ 10 ਦਿਨਾਂ ਦੇ ਅੰਦਰ ਅਸਤੀਫਾ ਦੇਣ ਲਈ ਕਿਹਾ ਸੀ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਯੋਗੀ ਆਦਿਤਿਆਨਾਥ ਨਾਲ ਬਾਬਾ ਸਿੱਦੀਕੀ ਵਰਗਾ ਹਾਲ ਕੀਤਾ ਜਾਵੇਗਾ।
ਹਾਲ ਹੀ 'ਚ ਹੋਇਆ ਸੀ ਬਾਬਾ ਸਿੱਦੀਕੀ ਦਾ ਕਤਲ
ਧਮਕੀ ਭਰੀ ਕਾਲ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਚੌਕਸ ਹੋ ਗਈ ਹੈ। ਕਾਲ ਕਰਨ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਮੁੰਬਈ ਪੁਲਸ ਦੇ ਕੰਟਰੋਲ ਰੂਮ 'ਚ ਆਈ ਕਾਲ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਬੀਤੇ ਦੁਸਹਿਰੇ ਦੇ ਮੌਕੇ 'ਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ।
ਮਾਰਚ 'ਚ ਵੀ ਧਮਕੀ ਭਰੀ ਆਈ ਸੀ ਕਾੱਲ
ਇਸ ਸਾਲ ਮਾਰਚ ਦੀ ਸ਼ੁਰੂਆਤ 'ਚ ਲਖਨਊ ਸਥਿਤ ਕੰਟਰੋਲ ਰੂਮ ਸੁਰੱਖਿਆ ਹੈੱਡਕੁਆਰਟਰ 'ਤੇ ਕਾਲ ਕਰਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।