ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਕੋਰਟ ਦੇ ਦੋਸ਼ੀ ਕਰਾਰ ਤੋਂ ਬਾਅਦ ਪੀੜਿਤ ਮਹਿਲਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ| ਦੋਵੇਂ ਪੀੜਤ ਔਰਤਾਂ ਜਿਨ੍ਹਾਂ ਵਿਚੋਂ ਇੱਕ ਨਾਲ ਪਾਸਟਰ ਨੇ ਸਰੀਰਕ ਸ਼ੋਸ਼ਣ ਕੀਤਾ ਸੀ ਅਤੇ ਦੂਜੀ ਮਹਿਲਾ ਨਾਲ ਪਾਸਟਰ ਨੇ ਕੁੱਟਮਾਰ ਕੀਤੀ ਜਿਸ ਦੀ ਵਿਡੀਉ ਵੀ ਸਾਹਮਣੇ ਆਈ ਸੀ ਨੇ ਜਥੇਦਾਰ ਆਪਬੀਤੀ ਸਾਂਝੀ ਕੀਤੀ| ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੋਵਾਂ ਔਰਤਾਂ ਨੂੰ ਇਨਸਾਫ਼ ਅਤੇ ਮਦਦ ਦਾ ਭਰੋਸਾ ਦਿੱਤਾ ਹੈ।
ਪੀੜਤ ਔਰਤਾਂ ਨੇ ਦੱਸਿਆ ਕਿ ਬਜਿੰਦਰ ਨੇ ਨਾ ਸਿਰਫ਼ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ, ਸਗੋਂ ਕਈ ਹੋਰ ਔਰਤਾਂ ਨਾਲ ਵੀ ਗਲਤ ਕੰਮ ਕੀਤੇ। ਜਥੇਦਾਰ ਸਾਹਿਬ ਨੇ ਦੋਵਾਂ ਔਰਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਸਰਕਾਰ ਤੋਂ ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਾਸਟਰ ਤੋਂ ਪੀੜਤ ਇਹ ਦੋਵੇਂ ਭੈਣਾਂ ਇੱਥੇ ਮੇਰੇ ਕੋਲ ਆਪਣਾ ਦਰਦ ਦੱਸਣ ਆਈਆਂ ਸਨ ਅਤੇ ਉਨ੍ਹਾਂ ਦਾ ਦਰਦ ਬਹੁਤ ਵੱਡਾ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਇਨਸਾਫ਼ ਪ੍ਰੇਮੀਆਂ ਨੂੰ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਹਰ ਪੀੜਤ ਵਿਅਕਤੀ ਦੇ ਨਾਲ ਖੜ੍ਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੋਵਾਂ ਪੀੜਤਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਮਾੜੇ ਅਨਸਰਾਂ ਦਾ ਸਮਰਥਨ ਨਾ ਕੀਤਾ ਜਾਵੇ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ।