ਤਪੋਵਨ ਤੋਂ ਬਾਅਦ ਹੁਣ ਇੱਕ ਵਾਰ ਫਿਰ ਦੇਸ਼ ਵਿਰੋਧੀ ਗੁਰਵੰਤ ਪੁੰਨੂੰ ਵਲੋਂ ਚਿੰਤਪੁਰਨੀ ਮੰਦਿਰ ਦੇ ਤਲਵਾੜਾ ਬਾਈਪਾਸ ਦੀਆਂ ਦੁਕਾਨਾਂ ਦੇ ਸ਼ਟਰਾਂ ਅਤੇ ਕੰਧਾਂ 'ਤੇ ਹਿਮਾਚਲ ਬਣੇਗਾ ਖਾਲਿਸਤਾਨ, ਸ਼ਹੀਦ ਭਿੰਡਰਾਂਵਾਲੇ ਜ਼ਿੰਦਾਬਾਦ ਦੇ ਨਾਅਰੇ ਲਿਖਵਾਏ ਗਏ ਹਨ ਤੇ ਇਸ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ।
ਇਹ ਨਾਅਰੇ ਤਲਵਾੜਾ ਬਾਈਪਾਸ ਰੋਡ ’ਤੇ ਕੁਝ ਦੁਕਾਨਾਂ ਦੇ ਸ਼ਟਰਾਂ ਅਤੇ ਕੰਧਾਂ ’ਤੇ ਲਿਖੇ ਹੋਏ ਪਾਏ ਗਏ। ਹੈਰਾਨੀ ਦੀ ਗੱਲ ਹੈ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਵਾਲੇ ਮੰਦਰ 'ਚ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਬਾਵਜੂਦ ਇਹ ਨਾਅਰੇ ਕਿਵੇਂ ਲਿਖੇ ਗਏ। ਨਾ ਸਿਰਫ਼ ਨਾਅਰੇ ਲਿਖੇ ਗਏ ਸਨ ਸਗੋਂ ਉਨ੍ਹਾਂ ਦੀਆਂ ਵੀਡੀਓਜ਼ ਵੀ ਬਣਾਈਆਂ ਗਈਆਂ ਸਨ ਅਤੇ ਹਰ ਪਾਸੇ ਵਾਇਰਲ ਕੀਤੀਆਂ ਗਈਆਂ।
CM ਸੁੱਖੂ ਨੂੰ ਸੁਨੇਹਾ
ਵੀਡੀਓ 'ਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਾਂ ਇਕ ਸੰਦੇਸ਼ ਜਾਰੀ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਨੇ 1984 ਦੇ ਦੰਗਿਆਂ ਲਈ ਕਾਂਗਰਸੀ ਆਗੂਆਂ 'ਤੇ ਦੋਸ਼ ਲਾਏ ਹਨ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਸੁਰੱਖਿਆ ਦੇ ਨਜ਼ਰੀਏ ਤੋਂ ਮੰਦਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਜਿਨ੍ਹਾਂ ਦੁਕਾਨਾਂ 'ਤੇ ਇਹ ਨਾਅਰੇ ਲਿਖੇ ਹੋਏ ਹਨ, ਉਨ੍ਹਾਂ ਦੇ ਮਾਲਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਦੁਕਾਨਾਂ ਅਕਸਰ ਬੰਦ ਹੀ ਰਹਿੰਦੀਆਂ ਹਨ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਾਅਰੇ ਲਿਖਣ ਵਾਲੇ ਵਿਅਕਤੀ ਤਲਵਾੜਾ ਬਾਈਪਾਸ ਤੋਂ ਆਏ ਹੋ ਸਕਦੇ ਹਨ ਅਤੇ ਰਾਤ ਨੂੰ ਇਹ ਕਾਰਵਾਈ ਕੀਤੀ ਗਈ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਐਸਡੀਪੀਓ ਅੰਬ ਵਸੁਧਾ ਸੂਦ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।