ਖ਼ਬਰਿਸਤਾਨ ਨੈੱਟਵਰਕ: ਭਾਰਤ ਸਰਕਾਰ ਨੇ ਉਡਾਣ ਦੇ ਟੇਕ-ਆਫ ਅਤੇ ਲੈਂਡਿੰਗ ਦੌਰਾਨ ਖਿੜਕੀਆਂ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਇਹ ਹੁਕਮ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਜਾਰੀ ਕੀਤਾ ਹੈ। ਹੁਕਮਾਂ ਅਨੁਸਾਰ ਯਾਤਰੀਆਂ ਦੀਆਂ ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ 'ਤੇ ਵੀ ਪਾਬੰਦੀ ਹੋਵੇਗੀ। ਇਹ ਆਦੇਸ਼ ਰੱਖਿਆ ਖੇਤਰ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਜਾਰੀ ਕੀਤੇ ਗਏ | ਇਹ ਆਦੇਸ਼ ਦੇਸ਼ ਦੇ ਉਨ੍ਹਾਂ 4 ਰੱਖਿਆ ਹਵਾਈ ਅੱਡਿਆਂ 'ਤੇ ਲਾਗੂ ਹੋਵੇਗਾ, ਜੋ ਵਪਾਰਕ ਉਡਾਣਾਂ ਲਈ ਵਰਤੇ ਜਾਂਦੇ ਹਨ। ਇਸ ਵਿੱਚ ਅੰਮ੍ਰਿਤਸਰ, ਜੰਮੂ, ਸ੍ਰੀਨਗਰ ਅਤੇ ਜੈਸਲਮੇਰ ਹਵਾਈ ਅੱਡੇ ਸ਼ਾਮਲ ਹਨ।
ਡੀਜੀਸੀਏ ਨੇ ਏਅਰਲਾਈਨਾਂ, ਹੈਲੀਕਾਪਟਰ ਅਤੇ ਚਾਰਟਰਡ ਜਹਾਜ਼ ਸੰਚਾਲਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਰੱਖਿਆ ਹਵਾਈ ਖੇਤਰਾਂ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਵਿੱਚ ਯਾਤਰੀਆਂ ਦੇ ਨਾਲ ਵਾਲੀਆਂ ਸੀਟਾਂ ਦੀਆਂ ਖਿੜਕੀਆਂ ਉਦੋਂ ਤੱਕ ਬੰਦ ਰਹਿਣਗੀਆਂ | ਜਦੋਂ ਤੱਕ ਜਹਾਜ਼ ਟੇਕਆਫ ਦੌਰਾਨ 10,000 ਫੁੱਟ ਦੀ ਉਚਾਈ 'ਤੇ ਨਹੀਂ ਪਹੁੰਚਦਾ ਜਾਂ ਲੈਂਡਿੰਗ ਦੌਰਾਨ ਹੇਠਾਂ ਨਹੀਂ ਉਤਰਦਾ। 10,000 ਫੁੱਟ ਦੀ ਉਚਾਈ ਤੱਕ ਫਲਾਈਟ ਦੀਆਂ ਖਿੜਕੀਆਂ ਬੰਦ ਰੱਖਣੀਆਂ ਚਾਹੀਦੀਆਂ ਹਨ। ਅਖ਼ਬਾਰ 'ਦ ਹਿੰਦੂ' ਨੇ ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਇਹ ਹੁਕਮ ਰੱਖਿਆ ਮੰਤਰਾਲੇ ਦੀ ਸਿਫ਼ਾਰਸ਼ 'ਤੇ ਜਾਰੀ ਕੀਤਾ ਗਿਆ ਹੈ। ਇਹ ਹੁਕਮ 20 ਮਈ ਨੂੰ ਜਾਰੀ ਕੀਤਾ ਗਿਆ ਸੀ। ਇਹ ਜਾਣਕਾਰੀ ਹੁਣ ਸਾਹਮਣੇ ਆਈ ਹੈ।
ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀਜੀਸੀਏ ਨੇ ਏਅਰਲਾਈਨਾਂ ਨੂੰ ਇਸ ਲਈ ਚਾਲਕ ਦਲ ਦੇ ਮੈਂਬਰਾਂ ਲਈ ਇੱਕ ਐਸਓਪੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਤਾਂ ਜੋ ਚਾਲਕ ਦਲ ਪੱਛਮੀ ਸਰਹੱਦ ਦੇ ਨੇੜੇ ਹਵਾਈ ਅੱਡਿਆਂ 'ਤੇ ਉਡਾਣ ਭਰਨ ਤੋਂ ਪਹਿਲਾਂ ਜਾਂ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਇਸ ਬਾਰੇ ਸੂਚਿਤ ਕਰ ਸਕੇ। ਹੁਕਮ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।