ਖ਼ਬਰਿਸਤਾਨ ਨੈੱਟਵਰਕ: ਝਾਰਖੰਡ ਦੇ ਦੇਵਘਰ 'ਚ ਸਵੇਰੇ ਸਵੇਰੇ ਇਕਕ ਦਰਦਨਾਕ ਹਾਦਸਾ ਵਾਪਰਿਆ ਹੈ। ਦੇਵਘਰ-ਬੈਸ਼ਯਨਾਥ ਮੁੱਖ ਸੜਕ 'ਤੇ ਜਾਮੁਨੀਆ ਚੌਕ ਨੇੜੇ ਸਵੇਰੇ 5 ਵ ਦੇ ਕਰੀਬ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਦੀ ਇੱਕ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ 'ਚ 18 ਕਾਂਵੜੀਆਂ ਦੀ ਮੌਤ ਹੋ ਗਈ ਹੈ। ਜਦਕਿ ਦਰਜਨਾਂ ਸ਼ਰਧਾਲੂ ਜ਼ਖਮੀ ਹੋ ਗਏ। 40 ਕਾਂਵੜੀਆਂ ਨਾਲ ਭਰੀ ਬੱਸ ਦੇਵਘਰ ਤੋਂ ਬਾਸੁਕੀਨਾਥ ਜਾ ਰਹੀ ਸੀ।
ਕਈ ਲਾਸ਼ਾਂ ਮਲਬੇ ਹੇਠਾਂ ਦੱਬੀਆਂ
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਧੱਸ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਕਈ ਲਾਸ਼ਾਂ ਮਲਬੇ ਵਿੱਚ ਫਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਿਆਦਾਤਰ ਮ੍ਰਿਤਕ ਬਿਹਾਰ ਦੇ ਗਿਆਜੀ ਦੇ ਮਾਸੂਮਗੰਜ ਦੇ ਦੱਸੇ ਜਾ ਰਹੇ ਹਨ। ਪੁਲਿਸ ਅਨੁਸਾਰ, ਬੱਸ ਡਰਾਈਵਰ ਨੂੰ ਨੀਂਦ ਆਉਣ ਕਾਰਨ ਹਾਦਸਾ ਵਾਪਰਿਆ। ਟੱਕਰ ਤੋਂ ਬਾਅਦ, ਡਰਾਈਵਰ ਸੀਟ ਸਮੇਤ ਸੜਕ 'ਤੇ ਡਿੱਗ ਪਿਆ, ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਡਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ 18 ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ।
ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ, ਪੁਲਿਸ ਅਤੇ ਐਂਬੂਲੈਂਸ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਸਾਰੇ ਜ਼ਖਮੀਆਂ ਨੂੰ ਦੇਵਘਰ ਦੇ ਵੱਖ-ਵੱਖ ਹਸਪਤਾਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।